Chandigarh MMS Case: ਚੰਡੀਗੜ੍ਹ ਯੂਨੀਵਰਿਸਟੀ ਦੇ ਵਾਇਰਲ ਹੋਏ ਅਸ਼ਲੀਲ ਵੀਡੀਓ ਦਾ ਮਾਮਲੇ ਨਿੱਤ ਨਵੇਂ ਮੋੜ ਲੈ ਰਿਹਾ ਹੈ। ਸ਼ਨੀਵਾਰ ਨੂੰ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਨੂੰ ਅਰੁਣਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਮੁਲਜ਼ਮ ਫੌਜੀ ਜਵਾਨ ਦੱਸਿਆ ਜਾ ਰਿਹਾ ਹੈ, ਜੋ ਇਸ ਵੇਲੇ ਅਰੁਣਾਚਲ ਪ੍ਰਦੇਸ਼ ਸਥਿਤ ਸੇਲਾ ਪਾਸ ’ਚ ਤਾਇਨਾਤ ਸੀ। ਇਸ ਦੀ ਪਛਾਣ ਸੰਜੀਵ ਸਿੰਘ, ਵਾਸੀ ਜੰਮੂ ਵਜੋਂ ਹੋਈ ਹੈ। ਅਸ਼ਲੀਲ ਵੀਡੀਓ ਮਾਮਲੇ ਵਿੱਚ ਹੁਣ ਤੱਕ ਇਹ ਚੌਥੀ ਗ੍ਰਿਫ਼ਤਾਰੀ ਹੈ।


ਮੰਨਿਆ ਜਾ ਰਿਹਾ ਹੈ ਕਿ ਸੰਜੀਵ ਹੀ ਉਹ ਸ਼ਖ਼ਸ ਹੈ, ਜੋ ਉਕਤ ਲੜਕੀ ਨੂੰ ਸੰਦੇਸ਼ ਭੇਜ ਕੇ ਫੋਟੋਆਂ ਤੇ ਵੀਡੀਓ ਬਣਾਉਣ ਲਈ ਕਹਿੰਦਾ ਸੀ। ਹੁਣ ਤੱਕ ਦੀ ਪੜਤਾਲ ਦੇ ਆਧਾਰ ’ਤੇ ਸੰਜੀਵ ਨੂੰ ਕੇਸ ਦਾ ਮੁੱਖ ਮੁਲਜ਼ਮ ਮੰਨਿਆ ਜਾ ਰਿਹਾ ਹੈ। ਮੁਲਜ਼ਮ ਦਾ ਮੋਬਾਈਲ ਫੋਨ ਤੇ ਹੋਰ ਸਾਮਾਨ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਗਏ ਹਨ। ਸੂਤਰਾਂ ਮੁਤਾਬਕ ਸੰਜੀਵ ਕੋਲੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਹਨ ਕਿਉਂਕਿ ਚਰਚਾ ਹੈ ਕਿ ਇਸ ਮਾਮਲੇ ਦੇ ਤਾਰ ਕੌਮਾਂਤਰੀ ਪੱਧਰ ਤੱਕ ਜੁੜੇ ਹੋਏ ਹਨ। 


ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਕੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਮੁਲਜ਼ਮ ਦੀ ਤਸਵੀਰ ਸਾਂਝੀ ਕੀਤੀ ਹੈ। ਡੀਜੀਪੀ ਅਨੁਸਾਰ ਫੋਰੈਂਸਿਕ ਸਬੂਤਾਂ ਦੇ ਆਧਾਰ ’ਤੇ ਮੁਹਾਲੀ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਅਰੁਣਾਚਲ ਪ੍ਰਦੇਸ਼ ਭੇਜੀ ਗਈ ਸੀ, ਜਿਸ ਵਿੱਚ ਸ਼ਾਮਲ ਪੁਲੀਸ ਅਧਿਕਾਰੀਆਂ ਨੇ ਅਸਾਮ ਪੁਲਿਸ ਤੇ ਅਰੁਣਾਚਲ ਪ੍ਰਦੇਸ਼ ਦੇ ਫੌਜੀ ਅਧਿਕਾਰੀਆਂ ਦੀ ਮਦਦ ਨਾਲ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।


ਇਸ ਕੇਸ ਦੀ ਜਾਂਚ ਲਈ ਬਣਾਈ ਗਈ ‘ਸਿਟ’ ਦੀ ਇੰਚਾਰਜ ਰੁਪਿੰਦਰ ਕੌਰ ਭੱਟੀ ਨੇ ਇਸ ਗ੍ਰਿਫ਼ਤਾਰੀ ਕੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਮੁਲਜ਼ਮ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ। ਮੁਲਜ਼ਮ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਬੋਮਡੀਲਾ ਥਾਂ ਦੇ ਸੀਜੀਐਮ ਤੋਂ ਟਰਾਂਜ਼ਿਟ ਰਿਮਾਂਡ ਪ੍ਰਾਪਤ ਕਰਨ ਮਗਰੋਂ ਖਰੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਹਾਸਲ ਜਾਣਕਾਰੀ ਅਨੁਸਾਰ ਹੁਣ ਤੱਕ ਉਕਤ ਲੜਕੀ ਸਣੇ ਸ਼ਿਮਲਾ ਦੇ ਵਸਨੀਕ ਸੰਨੀ ਤੇ ਰਕੰਜ ਵਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਸੋਮਵਾਰ ਤੱਕ ਪੁਲਿਸ ਰਿਮਾਂਡ ’ਤੇ ਹਨ।


ਇਹ ਵੀ ਪੜ੍ਹੋ:Chandigarh University case: ਪੰਜਾਬ ਪੁਲਿਸ ਨੇ ਮੁਲਜ਼ਮ ਫੌਜੀ ਸੰਜੀਵ ਸਿੰਘ ਨੂੰ ਅਰੁਣਾਚਲ ਪ੍ਰਦੇਸ਼ ਤੋਂ ਕੀਤਾ ਗ੍ਰਿਫ਼ਤਾਰ