ਚੰਡੀਗੜ੍ਹ: ਡੇਰੀ ਮੁਖੀ ਦੁਪਹਿਰ ਢਾਈ ਵਜੇ ਬਾਅਦ ਅਦਾਲਤ ਵਿੱਚ ਪੁੱਜਾ। ਅਦਾਲਤੀ ਕਾਰਵਾਈ ਪੰਦਰਾਂ ਤੋਂ ਸਤਾਰਾਂ ਮਿੰਟ ਤੱਕ ਚੱਲੀ। ਕੋਰਟ ਰੂਮ ਵਿੱਚ ਡੇਰਾ ਮੁਖੀ ਹੱਥ ਜੋੜ ਕੇ ਖੜ੍ਹਾ ਰਿਹਾ। ਇਸ ਮੌਕੇ ਕੁੱਲ ਸੱਤ ਬੰਦੇ ਅਦਾਲਤ ਵਿੱਚ ਸਨ। ਇਨ੍ਹਾਂ ਵਿੱਚ ਡੇਰਾ ਮੁਖੀ ਦਾ ਵਕੀਲ, ਐੱਸ ਕੇ ਗਰਗ ਨਰਵਾਣਾ, ਸੀਬੀਆਈ ਦਾ ਵਕੀਲ ਐਚਪੀਐਸ ਵਰਮਾ, ਸੀਬੀਆਈ ਦੇ ਮੁੱਖ ਜਾਂਚ ਅਧਿਕਾਰੀ, ਹਰਿਆਣਾ ਪੁਲੀਸ ਦਾ ਇੱਕ ਆਈਜੀ ਅਤੇ ਬਾਬੇ ਦਾ ਇੱਕ ਸਹਿਯੋਗੀ ਅਦਾਲਤ ਵਿੱਚ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ ਡੇਰਾ ਮੁਖੀ ਦੀ ਧੀ ਵੀ ਨਾਲ ਰਹੀ।

ਜੱਜ ਜਗਦੀਪ ਸਿੰਘ ਨੇ ਦੋਸ਼ੀ ਬਾਬੇ, ਦੋਵਾਂ ਪੱਖਾਂ ਦੇ ਵਕੀਲਾਂ ਨੂੰ ਛੱਡ ਕੇ ਸਭ ਨੂੰ ਅਦਾਲਤ ਵਿੱਚੋਂ ਬਾਹਰ ਜਾਣ ਦਾ ਆਦੇਸ਼ ਦਿੱਤਾ। ਇਸ ਤੋਂ ਦੋ ਮਿੰਟ ਵਿੱਚ ਡੇਰਾ ਮੁਖੀ ਨੂੰ ਜੱਜ ਨੇ ਬਲਾਤਕਾਰ ਦਾ ਦੋਸ਼ੀ ਕਰਾਰ ਦੇ ਦਿੱਤਾ। ਕਰੀਬ ਸੱਤ ਮਿੰਟ ਵਿੱਚ ਫੈਸਲਾ ਪੜ੍ਹਿਆ ਗਿਆ। ਫੈਸਲਾ ਸੁਣਦਿਆਂ ਹੀ ‘ਰਾਮ ਰਹੀਮ’ ਟੁੱਟ ਗਿਆ ਤੇ ਉਸਦੀਆਂ ਅੱਖਾਂ ਵਿੱਚ ਹੰਝੂ ਭਰ ਆਏ। ਉਹ ਆਪਣੇ ਵਕੀਲ ਦਾ ਮੋਢਾ ਫੜ ਕੇ ਨਿਢਾਲ ਹੋ ਕੇ ਬੈਠ ਗਿਆ।

ਜੱਜ ਨੇ ਕਿਹਾ ਕਿ ਸਜ਼ਾ ਸੋਮਵਾਰ ਨੂੰ ਸੁਣਾਈ ਜਾਵੇਗੀ। ਇਸ ਤੋਂ ਬਾਅਦ ਫੈਸਲੇ ਦੀ ਸੂਚਨਾ ਦਿੱਤੀ ਗਈ ਅਤੇ ਫੌਜ ਨੂੰ ਅਦਾਲਤ ਦੇ ਨੇੜੇ ਬੁਲਾ ਲਿਆ ਗਿਆ। ਇਸ ਤੋਂ ਬਾਅਦ ਜੱਜ ਨੇ ਉੱਚ ਅਧਿਕਾਰੀਆਂ ਨਾਲ ਰਾਮ ਰਹੀਮ ਗੁਰਮੀਤ ਨੂੰ ਅਦਾਲਤੀ ਹਿਰਾਸਤ ਦੌਰਾਨ ਰੱਖਣ ਸਬੰਧੀ ਸਥਾਨ ਬਾਰੇ ਚਰਚਾ ਕੀਤੀ ਹਾਲਾਂ ਕਿ ਪੰਚਕੂਲਾ ਦੀ ਸੀਬੀਆਈ ਅਦਾਲਤ ਦੇ ਅਧਿਕਾਰ ਖੇਤਰ ਅਨੁਸਾਰ ਦੋਸ਼ੀ ਨੂੰ ਅੰਬਾਲਾ ਦੀ ਕੇਂਦਰੀ ਜੇਲ੍ਹ ਵਿੱਚ ਭੇਜਿਆ ਜਾਣਾ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਉਸ ਨੂੰ ਰੋਹਤਕ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ।