ਚੰਡੀਗੜ੍ਹ : 28 ਅਗਸਤ ਨੂੰ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਰਹਿੰਦ ਨਹਿਰ ਦੀ ਬਠਿੰਡਾ ਬਰਾਂਚ ਵਿਚ ਵੱਡੀ ਗਿਣਤੀ ਵਿਚ ਤਸਵੀਰਾਂ ਪਾਣੀ ਵਿਚ ਵਹਿੰਦੀਆਂ ਵੇਖੀਆਂ ਗਈਆਂ। ਸਰਹਿੰਦ ਨਹਿਰ 'ਤੇ ਬੀਬੀਵਾਲਾ ਪੁਲ 'ਤੇ ਪਾਣੀ ਨਾਲ ਬਿਜਲੀ ਪੈਦਾ ਕਰਨ ਵਾਲੇ ਪ੍ਰਾਜੈਕਟਟ 'ਤੇ ਲੱਗੀਆਂ ਛੋਟੀਆਂ ਜਾਲੀਆਂ ਵਿਚ ਕਰੀਬ ਅੱਧੀ ਦਰਜਨ ਅਜਿਹੀਆਂ ਤਸਵੀਰਾਂ ਫਸ ਗਈਆਂ ਜਿਨ੍ਹਾਂ ਨੂੰ ਉਥੇ ਕੰਮ ਕਰਦੇ ਮੁਲਾਜ਼ਮਾਂ ਨੇ ਬਾਹਰ ਕੱਢ ਕੇ ਕੰਧ ਨਾਲ ਰੱਖ ਦਿੱਤਾ।

ਇਹ ਸਮੇਂ ਦਾ ਹੀ ਗੇੜ ਹੈ ਕਿ ਡੇਰਾ ਮੁਖੀ ਨੂੰ 'ਪਿਤਾ ਜੀ' ਤੇ ਧਰਮਾਤਮਾ ਦੱਸਣ ਵਾਲੇ ਪ੍ਰੇਮੀ ਹੁਣ ਉਸੇ 'ਗੁਰੂ ਜੀ' ਦੀਆਂ ਤਸਵੀਰਾਂ ਨੂੰ ਸੁੱਟਣ ਲੱਗੇ ਹਨ। ਉਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਦੱਸਿਆ ਕਿ ਨਹਿਰ ਦੇ ਪਾਣੀ ਨਾਲ ਬਿਜਲੀ ਪੈਦਾ ਕਰਨ ਵਾਲੇ ਇਸ ਪ੍ਰਾਜੈਕਟ ਨੂੰ ਨਹਿਰ ਵਿਚੋਂ ਪਾਣੀ ਦਿੱਤਾ ਗਿਆ ਹੈ। ਕਿਸੇ ਵੱਡੀ ਚੀਜ਼ ਦੇ ਅੰਦਰ ਨਾ ਜਾਣ ਦੇਣ ਲਈ ਉਸ ਦੇ ਅੱਗੇ ਸਰੀਏ ਦਾ ਮੋਟਾ ਜਾਲ ਲਾਇਆ ਗਿਆ ਹੈ। ਉਨ੍ਹਾਂ ਅਨੁਸਾਰ ਇਸ ਜਾਲ ਵਿਚ ਬਹੁਤ ਸਾਰੀ ਬੂਟੀ ਤੇ ਘਾਹ ਫੂਸ ਫਸ ਜਾਂਦਾ ਹੈ ਜਿਸ ਨੂੰ ਉਹ ਹਰ ਰੋਜ਼ ਬਾਹਰ ਕੱਢਦੇ ਹਨ ਪਰ ਡੇਰਾ ਮੁਖੀ ਨੂੰ ਜਬਰ ਜਨਾਹ ਕੇਸ ਵਿਚ ਹੋਈ ਸਜ਼ਾ ਤੋਂ ਬਾਅਦ ਲਗਾਤਾਰ ਡੇਰਾ ਮੁਖੀ ਦੀਆਂ ਤਸਵੀਰਾਂ ਪਾਣੀ ਵਿਚ ਆ ਰਹੀਆਂ ਹਨ।

ਪਿੰਡ ਬੀਬੀਵਾਲਾ ਦੇ ਵਾਸੀ ਪਿਰਮਲ ਸਿੰਘ ਨੇ ਦੱਸਿਆ ਕਿ ਬੂਟੀ ਕੱਢਣ ਸਮੇਂ ਡੇਰਾ ਮੁਖੀ ਦੀਆਂ ਤਸਵੀਰਾਂ ਵੀ ਨਾਲ ਕੱਢ ਲਈਆਂ ਗਈਆਂ ਜਦਕਿ ਬਹੁਤੀਆਂ ਛੋਟੇ ਸਾਈਜ਼ ਦੀਆਂ ਤਸਵੀਰਾਂ ਅੱਗੇ ਪਾਣੀ ਵਿਚ ਵਹਿ ਗਈਆਂ। ਉਨ੍ਹਾਂ ਦੱਸਿਆ ਕਿ 28 ਅਗਸਤ ਤੋਂ ਬਾਅਦ ਲਗਾਤਾਰ ਡੇਰਾ ਮੁਖੀ ਦੀਆਂ ਤਸਵੀਰਾਂ ਅੱਗੇ ਤੋਂ ਪਾਣੀ ਵਿਚ ਆ ਰਹੀਆਂ ਹਨ। ਲੱਕੜ ਦੇ ਫਰੇਮ 'ਤੇ ਲੈਮੀਨੇਸ਼ਨ ਹੋਈਆਂ ਉਕਤ ਤਸਵੀਰਾਂ ਪਾਣੀ ਵਿਚ ਤੈਰਦੀਆਂ ਨਜ਼ਰੀਂ ਪੈਂਦੀਆਂ ਹਨ। ਕਈ ਥਾਵਾਂ 'ਤੇ ਨਾਲੀਆਂ ਵਿਚੋਂ ਡੇਰਾ ਮੁਖੀ ਦੀਆਂ ਤਸਵੀਰਾਂ ਨਿਕਲ ਰਹੀਆਂ ਹਨ।