ਚੰਡੀਗੜ੍ਹ: ਪੰਜਾਬ ਰਾਜ ਬਿਜਲੀ ਨਿਗਮ (ਪਾਵਰਕਾਮ) ਨੇ ਆਪਣੇ ਮੁਲਾਜ਼ਮਾਂ ਨੂੰ ਤੋਹਫਾ ਦਿੱਤਾ ਹੈ। ਮਹਿਕਮੇ ਨੇ ਮੁਲਾਜ਼ਮਾਂ ਨੂੰ ਮੋਬਾਇਲ ਭੱਤਾ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਭੱਤਾ ਮੁਲਾਜ਼ਮਾਂ ਦੀਆਂ 13 ਸ਼੍ਰੇਣੀਆਂ ਨੂੰ ਦਿੱਤਾ ਜਾਵੇਗਾ ਜਿਸ ਵਿਚ ਸਹਾਇਕ ਮੈਨੇਜਰਾਂ ਤੋਂ ਲੈ ਕੇ ਪੈਸਕੋ ਦੇ ਡਰਾਈਵਰਾਂ ਤਕ ਨੂੰ ਦਿੱਤਾ ਜਾਵੇਗਾ।

ਮੁਲਾਜ਼ਮਾਂ ਦੀਆਂ ਵੱਖ-ਵੱਖ ਸ਼ੇ੫ਣੀਆਂ ਨੂੰ ਇਕ ਸਤੰਬਰ ਤੋਂ ਵਧਾਈਆਂ ਹੋਈਆਂ ਦਰਾਂ ਅਨੁਸਾਰ ਮੋਬਾਇਲ ਭੱਤਾ ਮਿਲੇਗਾ। 29 ਅਗਸਤ ਨੂੰ ਮੈਨੇਜਮੈਂਟ ਵੱਲੋਂ ਜਾਰੀ ਪੱਤਰ ਅਨੁਸਾਰ ਸਹਾਇਕ ਮੈਨੇਜਰ ਐੱਚਆਰ, ਸਹਾਇਕ ਮੈਨੇਜਰ ਆਈਆਰ, ਸਹਾਇਕ ਮੈਨੇਜਰ ਆਈਟੀ, ਸੁਪਰਡੈਂਟ ਗ੍ਰੇਡ 1 ਅਤੇ 2, ਸਹਾਇਕ ਇੰਜੀਨੀਅਰ ਕਮਿਉਨਕੇਸ਼ਨ, ਇਲੈਕਟ੍ਰੀਕਲ, ਇੰਸਟਾਸਲੇਸ਼ਨ ਅਤੇ ਟੈਸਟਿੰਗ, ਜੂਨੀਅਰ ਇੰਜੀਨੀਅਰ ਸਿਵਲ, ਸਬ-ਸਟੇਸ਼ਨ, ਟੈਸਟਿੰਗ, ਵੈਲਡਰ, ਟਰਬਾਈਨ, ਕੇਬਲ ਜੁਆਇੰਟਰ, ਮਾਲ ਸੂਪਰਡੈਂਟ ਅਤੇ ਐੱਸਏਐੱਸ ਸੁਪਰਡੈਂਟ, ਮੰਡਲ ਲੇਖਾਕਾਰ, ਮਾਲ ਲੇਖਾਕਾਰ ਤਕ ਦੇ ਮੁਲਾਜ਼ਮਾਂ ਨੂੰ 250 ਰੁਪਏ ਮੋਬਾਇਲ ਭੱਤਾ ਦਿੱਤਾ ਜਾਵੇਗਾ। ਡਰਾਈਵਰਾਂ, ਲਾਇਨਮੈਨ, ਸਹਾਇਕ ਲਾਇਨਮੈਨ ਅਤੇ ਪੈਸਕੋ ਦੇ ਡਰਾਈਵਰਾਂ ਨੂੰ ਵੀ 200 ਰੁਪਏ ਮੋਬਾਇਲ ਭੱਤਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।