ਬਾਦਲਾਂ ਵਿਰੁੱਧ ਬੋਲਣ ਵਾਲੇ ਗਿਆਨੀ ਗੁਰਮੁਖ ਸਿੰਘ ਨੂੰ ਇੱਕ ਹੋਰ ਝਟਕਾ...
ਏਬੀਪੀ ਸਾਂਝਾ | 23 Sep 2017 09:54 AM (IST)
ਅੰਮ੍ਰਿਤਸਰ- ਤਖਤ ਦਮਦਮਾ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਤੇ ਗੁਰਦੁਆਰਾ ਧਮਤਾਨ ਸਾਹਿਬ ਹਰਿਆਣਾ ਦੇ ਮੌਜੂਦਾ ਹੈਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦੇ ਬਾਅਦ ਉਨ੍ਹਾ ਦੇ ਭਰਾ ਹਿੰਮਤ ਸਿੰਘ ਨੂੰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 21 ਸਤੰਬਰ ਨੂੰ ਵੀ ਤਬਦੀਲ ਕਰਕੇ ਹਰਿਆਣਾ ਦੇ ਗੁਰਦੁਆਰਾ ਧਮਤਾਨ ਸਾਹਿਬ ਹਾਜ਼ਰ ਹੋਣ ਨੂੰ ਕਹਿ ਦਿੱਤਾ ਹੈ। ਉਸ ਨੂੰ ਹਰਮੰਦਰ ਸਾਹਿਬ ਦੇ ਮੈਨੇਜਰ ਨੇ ਰਲੀਵ ਕੀਤਾ ਹੈ। ਗਿਆਨੀ ਗੁਰਮੁਖ ਸਿੰਘ ਦੇ ਪਰਿਵਾਰ ਦੀਆਂ ਮੁਸ਼ਕਲਾਂ ਵਧਾਉਣ ਲਈ ਉਨ੍ਹਾਂ ਦੇ ਭਰਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਹਾਇਕ ਗ੍ਰੰਥੀ ਭਾਈ ਹਿੰਮਤ ਸਿੰਘ ਦਾ ਤਬਾਦਲਾ ਕੀਤਾ ਗਿਆ ਹੈ। ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਨੇ ਭਾਈ ਹਿੰਮਤ ਸਿੰਘ ਨੂੰ ਕੁਆਰਟਰ ਖਾਲੀ ਕਰਨ ਸਮੇਂ ਉਤਾਰਿਆ ਗਿਆ ਸਾਮਾਨ ਵਾਪਸ ਕਰਨ ਦੇ ਹੁਕਮ ਦਿੱਤੇ ਸਨ। ਭਾਈ ਹਿੰਮਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਵਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪਰੇਸ਼ਾਨ ਕਰਨ ਲਈ ਦੋਸ਼ ਲਾਏ ਜਾ ਰਹੇ ਹਨ, ਜਦ ਕਿ ਉਹ ਪਹਿਲਾਂ ਲਿਖਤੀ ਰੂਪ ਵਿੱਚ ਸਪੱਸ਼ਟੀਕਰਨ ਦੇ ਚੁੱਕੇ ਹਨ ਕਿ ਕੁਆਰਟਰ ਖਾਲੀ ਕਰਨ ਸਮੇਂ ਕੋਈ ਸਾਮਾਨ ਨਹੀਂ ਉਤਾਰਿਆ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਫਤਰ ਦੀਆਂ ਚਿੱਠੀਆਂ ਵਿੱਚ ਕੁਆਰਟਰ ਨੰਬਰ ਵੀ ਨਹੀਂ ਮਿਲ ਰਹੇ, ਇਕ ਚਿੱਠੀ ਵਿੱਚ ਸ਼੍ਰੋਮਣੀ ਕਮੇਟੀ ਦੇ ਆਰਡਰ ਨੰਬਰ 3232 ਮਿਤੀ ਅੱਠ ਸਤੰਬਰ 2017 ਅਨੁਸਾਰ ਕੁਆਰਟਰ ਨੰਬਰ 6-7 ਹੈ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਉਤਾਰੇ ਗਏ ਸਾਮਾਨ ਨੂੰ ਮਿਤੀ 25 ਸਤੰਬਰ ਤੱਕ ਜਮ੍ਹਾਂ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਏਸੇ ਦਫਤਰ ਵੱਲੋਂ ਛੇ ਜੁਲਾਈ 2017 ਨੂੰ ਕੁਆਰਟਰ ਖਾਲੀ ਕਰਨ ਸਮੇਂ ਸਪੱਸ਼ਟੀਕਰਨ ਦੇਣ ਸਬੰਧੀ ਕੱਢੀ ਗਈ ਚਿੱਠੀ ਨੰਬਰ 5120 ਮਿਤੀ 10 ਜੁਲਾਈ 2017 ਵਿੱਚ ਚੀਫ ਗੁਰਦੁਆਰਾ ਇੰਸਪੈਕਟਰ ਸੈਕਸ਼ਨ 85 ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਰਿਪੋਰਟ ਦੇ ਆਧਾਰ ‘ਤੇ ਕੁਆਰਟਰ ਨੰਬਰ 5-8 ਲਿਖਿਆ ਗਿਆ ਹੈ।