ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵਿਆਹਾਂ ਤੇ ਖ਼ੁਸ਼ੀ ਦੇ ਹੋਰਨਾਂ ਮੌਕਿਆਂ ’ਤੇ ਪਟਾਕੇ ਚਲਾਉਣ ’ਤੇ ਰੋਕ ਲਾ ਦਿੱਤੀ ਹੈ। ਕੋਰਟ ਨੇ ਇਹ ਹੁਕਮ ਕੇਸ ਦੀ ਅਗਲੀ ਸੁਣਵਾਈ 11 ਜਨਵਰੀ 2018 ਤਕ ਲਾਗੂ ਰਹਿਣਗੇ। ਇਨ੍ਹਾਂ ਹੁਕਮਾਂ ਨਾਲ ਪਟਾਕੇ ਚਲਾ ਕੇ ਨਵੇਂ ਸਾਲ ਦੇ ਜਸ਼ਨ ਮਨਾਉਣ ਵਾਲਿਆਂ 'ਤੇ ਵੀ ਰੋਕ ਲੱਗੇਗੀ।
ਜਸਟਿਸ ਅਜੈ ਕੁਮਾਰ ਮਿੱਤਲ ਤੇ ਜਸਟਿਸ ਅਮਿਤ ਰਾਵਲ ਦੇ ਬੈਂਚ ਨੇ ਉਪਰੋਕਤ ਹੁਕਮ ਅਦਾਲਤੀ ਮਿੱਤਰ ਅਨੁਪਮ ਗੁਪਤਾ ਵੱਲੋਂ ਦਾਇਰ ਹਲਫ਼ਨਾਮੇ ’ਤੇ ਸੁਣਾਏ ਹਨ।
ਗੁਪਤਾ ਨੇ ਕਿਹਾ ਸੀ ਕਿ ਵਿਆਹਾਂ ਮੌਕੇ ਚਲਾਏ ਜਾਣ ਵਾਲੇ ਪਟਾਕੇ ਅਜੇ ਵੀ ਜਸ਼ਨਾਂ ਦਾ ਹਿੱਸਾ ਹਨ। ਬੈਂਚ ਨੇ ਦੋਵਾਂ ਰਾਜਾਂ ਤੇ ਯੂਟੀ ਪ੍ਰਸ਼ਾਸਨ ਦੇ ਵਕੀਲਾਂ ਨੂੰ ਸਾਫ਼ ਕਰ ਦਿੱਤਾ ਹੈ ਕਿ ਉਹ ਪਾਬੰਦੀ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਸਟਿਸ ਰਾਵਲ ਨੇ ਇਸ ਤੋਂ ਪਹਿਲਾਂ ਦੀਵਾਲੀ ਮੌਕੇ ਪਟਾਕਿਆਂ ਕਰਕੇ ਹੋਏ ਪ੍ਰਦੂਸ਼ਣ ਦਾ ਵੀ ਖੁ਼ਦ ਨੋਟਿਸ ਲਿਆ ਸੀ।