ਚੰਡੀਗੜ੍ਹ: ਪੰਜਾਬ ਸਰਕਾਰ ਨੇ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਮੋਟਾ ਗੱਫਾ ਦਿੱਤਾ ਹੈ। ਸਰਕਾਰ ਨੇ ਪ੍ਰਾਈਵੇਟ ਬੱਸਾਂ ਦੇ ਮੁਨਾਫੇ ਵਿੱਚ ਚੋਖਾ ਵਾਧਾ ਕਰਨ ਲਈ ਕਰਾਏ ਵਿੱਚ ਮੋਟਾ ਵਾਧਾ ਕੀਤਾ ਹੈ। ਔਰਡਨਰੀ ਐਚਵੀਏਸੀ (ਹੀਟਿੰਗ ਵੈਂਟੀਲੇਸ਼ਨ ਐਂਡ ਏਅਰ ਕੰਡੀਸ਼ਨਿੰਗ) ਬੱਸਾਂ ਦੇ ਕਿਰਾਏ ਵਿੱਚ ਵੀਹ ਫੀਸਦੀ, ਇੰਟੈਗਰੱਲ ਕੋਚ ਬੱਸਾਂ ਵਿੱਚ ਅੱਸੀ ਫੀਸਦੀ ਤੇ ਸੁਪਰ ਇੰਟੈਗਰੱਲ ਕੋਚ ਬੱਸਾਂ ਦੇ ਕਿਰਾਏ ਵਿੱਚ ਸੌ ਫੀਸਦੀ ਵਾਧਾ ਕੀਤਾ ਹੈ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਔਰਡਨਰੀ ਐਚਵੀਏਸੀ ਬੱਸਾਂ ਦੇ ਕਿਰਾਏ ਵਿੱਚ 20 ਫੀਸਦੀ ਵਾਧਾ ਕੀਤਾ ਹੈ। ਇਸ ਤਹਿਤ ਇਨ੍ਹਾਂ ਬੱਸਾਂ ਦਾ ਕਿਰਾਇਆ ਹੁਣ 125 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ। ਇਸੇ ਤਰ੍ਹਾਂ ਅੱਸੀ ਫੀਸਦੀ ਦੇ ਵਾਧੇ ਤਹਿਤ ਇੰਟੈਗਰੱਲ ਕੋਚ ਬੱਸਾਂ ਦਾ ਕਿਰਾਇਆ 188 ਪੈਸੇ ਪ੍ਰਤੀ ਕਿਲੋਮੀਟਰ ਤੇ ਸੁਪਰ ਇੰਟੈਗਰੱਲ ਕੋਚ ਬੱਸਾਂ ਦੇ ਕਿਰਾਏ ਵਿੱਚ ਹੋਏ ਸੌ ਫੀਸਦੀ ਦੇ ਵਾਧੇ ਨਾਲ ਇਨ੍ਹਾਂ ਬੱਸਾਂ ਦਾ ਕਿਰਾਇਆ ਹੁਣ 208 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ। ਕਿਰਾਏ ਵਿੱਚ ਇਸ ਵਾਧੇ ਨਾਲ ਪ੍ਰਾਈਵੇਟ ਬੱਸ ਕੰਪਨੀਆਂ ਨੂੰ ਚੋਖਾ ਲਾਭ ਹੋਵੇਗਾ।
ਇਸ ਦੇ ਨਾਲ ਹੀ ਸਰਕਾਰ ਨੇ ਸਧਾਰਨ ਬੱਸ ਕਿਰਾਏ ਵਿੱਚ ਵੀ ਦੋ ਪੈਸੇ ਪ੍ਰਤੀ ਕਿਲੋਮੀਟਰ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਕਿਰਾਏ ਵਿੱਚ ਜਨਵਰੀ 2017 ਵਿੱਚ ਦੋ ਪੈਸੇ ਨਾਲ 97 ਤੋਂ 99 ਪੈਸੇ ਤੇ ਜੂਨ 2017 ਵਿੱਚ ਤਿੰਨ ਪੈਸੇ ਦੇ ਵਾਧੇ ਨਾਲ ਕਿਰਾਇਆ 99 ਤੋਂ ਵਧ ਕੇ 102 ਪੈਸੇ ਪ੍ਰਤੀ ਕਿਲੋਮੀਟਰ ਹੋਇਆ ਸੀ। ਹੁਣ ਦੋ ਪੈਸੇ ਪ੍ਰਤੀ ਕਿਲੋਮੀਟਰ ਦੇ ਤਾਜ਼ਾ ਵਾਧੇ ਉਪਰੰਤ ਆਮ ਬੱਸ ਕਿਰਾਇਆ ਪ੍ਰਤੀ ਕਿਲੋਮੀਟਰ ਇੱਕ ਰੁਪਇਆ ਚਾਰ ਪੈਸੇ (104 ਪੈਸੇ) ਹੋ ਗਿਆ ਹੈ।