ਗੁਰਦਾਸਪੁਰ: ਪੁਲਿਸ ਨੇ ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਬੇਟੇ ਸਣੇ ਨੌਂ ਵਿਅਕਤੀਆਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਹ ਕੇਸ ਗੁਰਦਾਸਪੁਰ ਵਿੱਚ ਏਜੀਐਮ ਮੌਲ ਦੀ ਜ਼ਮੀਨ ਦੀ ਧੋਖੇ ਨਾਲ ਰਜਿਸਟਰੀ ਮਗਰੋਂ 99 ਸਾਲ ਲਈ ਪਟੇ ਉਪਰ ਦੇਣ ਦੇ ਇਲਜ਼ਾਮ ਤਹਿਤ ਦਰਜ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਬੱਬੇਹਾਲੀ ਪਿੰਡ ਦੇ ਮਲੂਕ ਸਿੰਘ ਦੀ ਸ਼ਿਕਾਇਤ ਮਗਰੋਂ ਮਾਮਲੇ ਦੀ ਜਾਂਚ ਕੀਤੀ ਗਈ ਸੀ। ਇਸ ਤੋਂ ਬਾਅਦ ਨੌਂ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮਿਲਕ ਪਲਾਂਟ ਦੇ ਚੇਅਰਮੈਨ ਅਮਰਜੋਤ ਸਿੰਘ ਬੱਬੇਹਾਲੀ, ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਸਾਬਕਾ ਚੇਅਰਮੈਨ ਸਤੀਸ਼ ਕੁਮਾਰ ਤੋਂ ਇਲਾਵਾ ਹੀਰਾ ਸਿੰਘ, ਰੂਪ ਸਿੰਘ, ਰਾਮ ਲਾਲ ਨੰਬਰਦਾਰ, ਵਿਪਨ ਕੁਮਾਰ, ਦਰਸ਼ਨ ਕੁਮਾਰ ਨੰਬਰਦਾਰ, ਪ੍ਰੇਮ ਲਾਲ ਨੰਬਰਦਾਰ ਤੇ ਵਿਨੋਦ ਕੁਮਾਰ ਖਿਲਾਫ ਆਈਪੀਸੀ ਦੀ ਧਾਰ 420 ਤੇ 120 ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਦੂਜੇ ਪਾਸੇ ਬੱਬੇਹਾਲੀ ਦਾ ਪੱਖ ਜਾਣਨਾ ਚਾਹਿਆ ਤਾਂ ਪਤਾ ਲੱਗ ਕਿ ਉਹ ਸ਼ਹਿਰ ਤੋਂ ਬਾਹਰ ਹਨ। ਸੂਤਰਾਂ ਮੁਤਾਬਕ ਕੱਲ੍ਹ ਪ੍ਰੈੱਸ ਕਾਨਫਰੰਸ ਕਰਕੇ ਉਹ ਆਪਣਾ ਪੱਖ ਰੱਖਣਗੇ।