ਚੰਡੀਗੜ੍ਹ: ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘੁਟਾਲੇ ਤੋਂ ਬਾਅਦ ਕਾਰਵਾਈ ਕਰਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਚੰਡੀਗੜ੍ਹ ਦੇ ਮਸ਼ਹੂਰ ਏਲਾਂਤੇ ਮਾਲ ਵਿੱਚ ਛਾਪਾ ਮਾਰਿਆ। ਈਡੀ ਦੀ ਟੀਮ ਏਲਾਂਤੇ ਮਾਲ ਵਿੱਚ ਬਣੇ ਹੋਏ ਗੀਤਾਂਜਲੀ ਦੇ ਸ਼ੋਅਰੂਮ ਪਹੁੰਚੀ ਤੇ ਸਾਮਾਨ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ।
ਟੀਮ ਨੇ ਸ਼ੋਅਰੂਮ ਵਿੱਚ ਰੱਖੇ ਸੋਨੇ ਦੇ ਗਹਿਣਿਆਂ ਦੇ ਨਾਲ ਨਾਲ ਕੀਮਤੀ ਘੜੀਆਂ ਜ਼ਬਤ ਕਰ ਲਈਆਂ ਹਨ। ਚੰਡੀਗੜ੍ਹ ਦੇ ਸਭ ਤੋਂ ਵੱਡੇ ਸ਼ਾਪਿੰਗ ਮਾਲ ਵਿੱਚ ਸਥਿਤ ਇਸ ਦੁਕਾਨ ਵਿੱਚ ਰੱਖੀ ਹੋਈ ਹਰ ਚੀਜ਼ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਗੀਤਾਂਜਲੀ ਗਰੁੱਪ ਦੇ ਮੁਖੀ ਮੇਹੁਲ ਚੌਕਸੀ ਪੀ.ਐਨ.ਬੀ. ਦੇ 11,400 ਕਰੋੜ ਦੇ ਘਪਲੇ ਦੇ ਮੁਲਜ਼ਮ ਹਨ ਤੇ ਮੁੱਖ ਮੁਲਜ਼ਮ ਨੀਰਵ ਮੋਦੀ ਦੇ ਮਾਮਾ ਹਨ। ਬੀਤੇ ਦਿਨ ਤੋਂ ਇਨ੍ਹਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਕੇ ਸਾਮਾਨ ਜ਼ਬਤ ਕੀਤਾ ਜਾ ਰਿਹਾ ਹੈ।
ਦੇਸ਼ ਦੇ ਦੂਜੇ ਸਭ ਤੋਂ ਜਨਤਕ ਵੱਡੇ ਬੈਂਕ ਪੰਜਾਬ ਨੈਸ਼ਨਲ ਬੈਂਕ ਵਿੱਚ ਬੀਤੇ ਕਈ ਸਾਲਾਂ ਤੋਂ ਬਿਨਾ ਗਾਰੰਟੀ ਤੋਂ ਕਰਜ਼ ਦਿੱਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਬੈਂਕ ਦੀ ਮੁੰਬਈ ਸਥਿਤ ਇੱਕ ਸ਼ਾਖਾ ਨੇ ਨੀਰਵ ਮੋਦੀ ਨੂੰ ਵਿਦੇਸ਼ੀ ਬੈਂਕਾਂ ਤੋਂ ਕਰਜ਼ ਲੈਣ ਲਈ ਜਾਅਲੀ ਭਰੋਸਾ ਪੱਤਰ ਵੀ ਜਾਰੀ ਕੀਤਾ ਸੀ। ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਨੇ ਇਸ ਬਾਬਤ ਤਿੰਨ ਬੈਂਕ ਅਧਿਕਾਰੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਾਅਲੀ ਦਸਤਾਵੇਜ ਬਣਾਉਣ ਬਦਲੇ ਰਿਸ਼ਵਤ ਦਿੱਤੀ ਜਾਂਦੀ ਸੀ।