Punjab Vidhan Sabha will be paperless (ਚੰਡੀਗੜ੍ਹ) - ਪੰਜਾਬ ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿੱਚ ਵਿਧਾਇਕਾਂ ਨੂੰ ਸਭ ਕੁੱਝ ਅਪਗ੍ਰੇਡ ਮਿਲਣ ਵਾਲਾ ਹੈ। ਵਿਧਾਨ ਸਭਾ ਦੀ ਕਾਰਵਾਈ ਤੋਂ ਹੁਣ ਕਾਗਜ਼ੀ ਕੰਮ ਬੰਦ ਹੋ ਜਾਵੇਗਾ ਅਤੇ ਇਸ ਦੇ ਲਈ ਡਿਜੀਟਲ ਤਕਨੀਕ ਵਰਤੀ ਜਾਵੇਗੀ। ਯਾਨੀ ਕਿ ਪੰਜਾਬ ਵਿਧਾਨ ਸਭਾ ਦਾ ਅਗਲਾ ਸੈਸ਼ਨ ਪੇਪਰਲੈੱਸ ਹੋਵੇਗਾ। ਵਿਧਾਨ ਸਭਾ ਨੂੰ ਪੇਪਰਲੈੱਸ ਕਰਨ 'ਤੇ 12.31 ਕਰੋੜ ਰੁਪਏ ਦਾ ਖਰਚ ਆਇਆ ਹੈ। 


ਵਿਧਾਨ ਸਭਾ ਨੂੰ ਪੇਪਰਲੈੱਸ ਕਰਨ ਨੂੰ ਲੈ ਕੇ ਹਰੇਕ ਸੀਟ 'ਤੇ ਲੈਪਟਾਪ, ਸਟੈਂਡ, ਟੱਚ ਸਕ੍ਰੀਨ ਆਦਿ ਲਾਉਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਇਸ ਨਾਲ ਹਰੇਕ ਸਾਲ ਇਕ ਕਰੋੜ ਰੁਪਏ ਤੋਂ ਵੱਧ ਦੇ ਕਾਗਜ਼ ਬਚਣ ਦੀ ਉਮੀਦ ਹੈ। 



ਪੇਪਰਲੈੱਸ ਦੌਰਾਨ ਵਿਧਾਨ ਸਭਾ ਦੀ ਕਿਵੇਂ ਹੋਵੇਗੀ ਕਾਰਵਾਈ ? 


 ਅਗਲੇ ਸੈਸ਼ਨ ਦੌਰਾਨ ਸਵਾਲ ਪੁੱਛਣ ਵਾਲਾ ਵਿਧਾਇਕ ਆਪਣੀ ਸੀਟ 'ਤੇ ਖੜ੍ਹਾ ਹੋ ਕੇ ਟੱਚ ਸਕ੍ਰੀਨ ਰਾਹੀਂ ਸਵਾਲ ਨੰਬਰ ਬੋਲੇਗਾ ਜੋ ਕਿ ਵਿਧਾਨ ਸਭਾ ਅੰਦਰ ਲੱਗੀ ਸਕ੍ਰੀਨ 'ਤੇ ਆ ਜਾਵੇਗਾ। ਸਬੰਧਤ ਮੰਤਰੀ ਪਹਿਲਾਂ ਹੀ ਫੀਡ ਕੀਤੇ ਗਏ ਜਵਾਬ ਨੂੰ ਆਪਣੀ ਸੀਟ 'ਤੇ ਖੜ੍ਹਾ ਹੋ ਕੇ ਪੜ੍ਹ ਸਕੇਗਾ। ਇਹ ਸਾਰੀ ਪ੍ਰਕਿਰਿਆ ਵਿਧਾਨ ਸਭਾ ਦੇ ਅੰਦਰ ਲੱਗੀ ਵੱਡੀ ਟੱਚ ਸਕ੍ਰੀਨ 'ਤੇ ਵੀ ਦਿਸੇਗੀ।ਇਸ ਦੇ ਨਾਲ-ਨਾਲ ਧਿਆਨ ਦਿਵਾਊ ਮਤਾ, ਬਿੱਲਾਂ ਦਾ ਖਰੜਾ, ਜਵਾਬਾਂ ਦੇ ਅੰਕੜੇ, ਥਿਓਰੇ ਹਰੇਕ ਸੀਟ 'ਤੇ ਫਿਕਸ ਸਕ੍ਰੀਨ 'ਤੇ ਆਉਣਗੇ।


ਕਿੰਨਾ ਆਇਆ ਖਰਚਾ ?


30 ਕਰੋੜ ਦੇ ਇਸ ਪ੍ਰਾਜੈਕਟ ਵਿਚ 60 ਫੀਸਦੀ ਰਕਮ ਕੇਂਦਰ ਵੱਲੋਂ ਤੇ 40 ਫੀਸਦੀ ਰਕਮ ਰਾਜ ਸਰਕਾਰ ਵੱਲੋਂ ਖ਼ਰਚ ਕੀਤੀ ਜਾਵੇਗੀ। ਪ੍ਰਾਜੈਕਟ ਵਿਚ 18 ਕਰੋੜ ਰੁਪਏ ਕੇਂਦਰ ਵੱਲੋਂ ਖਰਚ ਕੀਤੇ ਜਾ ਰਹੇ ਹਨ ਜਦਕਿ 12 ਕਰੋੜ ਰੁਪਏ ਰਾਜ ਸਰਕਾਰ ਖਰਚ ਕਰ ਰਹੀ ਹੈ।


ਵਿਧਾਇਕਾਂ ਨੂੰ ਮਿਲੇਗੀ ਟ੍ਰੇਨਿੰਗ


 ਇਸ ਨੂੰ ਲੈ ਕੇ ਆਗਾਮੀ 10 ਅਗਸਤ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵਿਧਾਨ ਸਭਾ ਦੇ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਟ੍ਰੇਨਿੰਗ ਸੈਸ਼ਨ ਦੀ ਸ਼ੁਰੂਆਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾਵੇਗੀ। 


ਨੈਸ਼ਨਲ ਇਨਫਰਮੇਸ਼ਨ ਕੇਂਦਰ (ਨਿਕ) ਦੇ ਨੇਵਾ ਇਲੈਕਟ੍ਰਾਨਿਕ ਕੰਪਨੀ ਦੇ ਮਾਹਿਰ ਆਗਾਮੀ 10 ਅਗਸਤ ਨੂੰ ਵਿਧਾਇਕਾਂ, ਮੰਤਰੀਆਂ ਤੇ ਅਧਿਕਾਰੀਆਂ ਨੂੰ ਟ੍ਰੇਨਿੰਗ ਦੇਣਗੇ। ਵਰਕਸ਼ਾਪ ਦੌਰਾਨ ਸਾਰਿਆਂ ਨੂੰ ਲਾਗ ਇਨ ਆਈਡੀ ਤੇ ਪਾਸਵਰਡ ਦੇ ਬਿਓਰੇ ਬਾਰੇ ਸਮਝਾਇਆ ਜਾਵੇਗਾ। ਵਰਕਸ਼ਾਪ ਨੂੰ ਲੈ ਕੇ ਸਾਰੀਆਂ ਤਿਆਰੀਆਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ।



ਧਿਆਨ ਰਹੇ ਕਿ ਬੀਤੀ 20 ਜੂਨ ਨੂੰ ਖ਼ਤਮ ਹੋਏ ਦੇ ਦਿਨਾ ਵਿਧਾਨ ਸਭਾ ਸੈਸ਼ਨ ਦੇ ਆਖ਼ਰੀ ਦਿਨ ਸਪੀਕਰ ਸੰਧਵਾਂ ਨੇ ਕਿਹਾ ਸੀ ਕਿ ਆਗਾਮੀ ਸੈਸ਼ਨ ਦੌਰਾਨ ਪੂਰੀ ਕਾਰਵਾਈ ਪੇਪਰਲੈੱਸ ਹੋ ਜਾਵੇਗੀ।