ਬਟਾਲਾ - ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਤਲਵੰਡੀ ਗੁਰਾਇਆ ਦਾ ਅਗਾਂਹਵਧੂ ਕਿਸਾਨ ਮਸਤਾਨ ਸਿੰਘ ਗੁਰਾਇਆ ਪੁੱਤਰ ਅਮਰੀਕ ਸਿੰਘ ਗੁਰਾਇਆ ਬੀ.ਏ, ਐਨ.ਟੀ.ਟੀ ਪਾਸ ਕਿਸਾਨ ਹੈ। ਅਗਾਂਹਵਧੂ ਕਿਸਾਨ ਮਸਤਾਨ ਸਿੰਘ ਗੋਰਾਇਆ ਕੋਲ 22 ਕਿੱਲੇ ਮਾਲਕੀ ਹੈ ਅਤੇ ਸਾਰੀ ਦੀ ਸਾਰੀ ਝੋਨੇ ਦੀ ਸਿੱਧੀ ਬਿਜਾਈ ਹੇਠ ਹੈ।

Continues below advertisement


ਇਸ ਮੌਕੇ ਗੱਲ ਕਰਦਿਆਂ ਅਗਾਂਹਵਧੂ ਕਿਸਾਨ ਮਸਤਾਨ ਸਿੰਘ ਗੋਰਾਇਆ ਨੇ ਦੱਸਿਆ ਕਿ ਉਹ ਆਪ ਜਿਥੇ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਨ ਉਸ ਦੇ ਨਾਲ-ਨਾਲ ਉਨਾਂ ਦੇ ਚਾਚਾ ਹਰਦੀਪ ਸਿੰਘ ਗੁਰਾਇਆ ਚੇਅਰਮੈਨ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਨੇ 24 ਕਿੱਲੇ ਅਤੇ ਦੂਜੇ ਚਾਚਾ ਗੁਰਦੀਪ ਸਿੰਘ ਗੁਰਾਇਆ ਨੇ ਵੀ 24 ਕਿੱਲੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ।


ਉਨਾਂ ਅੱਗੇ ਦੱਸਿਆ ਕਿ 2018 ਤੋਂ ਹੀ ਬਾਸਮਤੀ ਨੂੰ ਝੰਡਾ ਰੋਗ ਤੋਂ ਬਚਾਉਣ ਅਤੇ ਖ਼ੇਤੀ ਖਰਚਾ ਘੱਟ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਅਪਣਾ ਲਈ ਸੀ ਅਤੇ ਪਿਛਲੇ 07 ਸਾਲ ਤੋਂ ਗੁਰਾਇਆ ਪਰਿਵਾਰ ਅੱਗਮੁਕਤ ਖ਼ੇਤੀ ਕਰ ਰਿਹਾ ਹੈ। ਕਣਕ ਸਾਰੀ ਹੈਪੀ ਸੀਡਰ ਨਾਲ ਬੀਜਦੇ ਹਨ।



ਉਨਾਂ ਅੱਗੇ ਦੱਸਿਆ ਕਿ ਕਣਕ ਦੀ ਤੂੜੀ ਬਣਾਉਣ ਤੋਂ ਬਾਅਦ ਸੁੱਕੀ ਜ਼ਮੀਨ ਵਿੱਚ ਤਵੀਆਂ ਦੀ ਪਾੜ ਪਾ ਦਿੱਤੀ ਜਾਂਦੀ ਹੈ। ਫਿਰ ਦੋਹਰ ਹੱਲਾਂ ਦੀ ਮਾਰ ਕੇ ਹਵਾ ਤੇ ਧੁੱਪ ਲਗਵਾਈ ਅਤੇ ਪਿਛਲੇ ਸਾਲ ਦਾ ਨਦੀਨ ਅਤੇ ਝੋਨਾ ਉਗਾਉਣ ਲਈ ਰੌਣੀ ਕਰ ਦਿੱਤੀ। ਦੋਹਰ ਹੱਲਾਂ ਦੀ ਮਾਰ ਕੇ ਸੁਹਾਗਾ ਫੇਰ ਕੇ ਚੰਗੀ ਤਰਾਂ ਵੱਤਰ ਨੱਪ ਦਿੱਤਾ ਅਤੇ ਸ਼ਾਮ ਵੇਲੇ ਤਰ ਵੱਤਰ ਚ ਡੀਐਸਆਰ ਡਰਿੱਲ ਨਾਲ ਬਿਜਾਈ ਕਰਕੇ ਉਸਦੇ ਤੁਰੰਤ ਬਾਦ ਆਗਾਊ ਨਦੀਨ ਪ੍ਰਬੰਧ ਲਈ ਇੱਕ ਲੀਟਰ stomp ਦਵਾਈ ਦੀ 200 ਲੀਟਰ ਪਾਣੀ ਚ ਸਪਰੇਅ ਕਰ ਦਿੱਤੀ ਜਾਂਦੀ ਹੈ।


ਉਨਾਂ ਅੱਗੇ ਦੱਸਿਆ ਕਿ 20 ਏਕੜ 1847 ਅਤੇ 2 ਏਕੜ 1692 ਬਾਸਮਤੀ ਦੀਆਂ ਕਿਸਮਾਂ ਦੀ 8 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਨਾਲ ਬਿਜਾਈ ਕੀਤੀ ਗਈ ਅਤੇ ਬਿਜਾਈ ਵੇਲੇ 25 ਕਿਲੋ ਡੀਏਪੀ, 25 ਕਿਲੋ ਸੁਪਰ ਅਤੇ 10 ਕਿਲੋ ਕੈਲੀਬਰ ਵਰਤਿਆ ਗਿਆ ਹੈ। ਬੀਜ ਸੋਧ ਟਰਾਈਕੋਡਰਮਾ ਅਤੇ ਸੁਡੂਮਨਾਸ ਨਾਲ ਕੀਤੀ ਗਈ (10+10 ਗ੍ਰਾਮ ਪ੍ਰਤੀ ਕਿੱਲੋ ਬੀਜ )।


ਕਿਸਾਨ ਨੇ ਅੱਗੇ ਦੱਸਿਆ ਕਿ ਕਮਾਲ ਦੀ ਗੱਲ ਇਹ ਹੋਈ ਕੇ ਬਰਸਾਤਾਂ ਦੇ ਪਾਣੀ ਅਤੇ ਪਿੰਡ ਲਾਗੋਂ ਲੰਘਦੇ ਨੋਮਨੀ ਨਾਲ਼ੇ ਨੇ ਕੱਦੂ ਵਾਲੇ ਝੋਨੇ ਦਾ ਬਹੁਤ ਨੁਕਸਾਨ ਕੀਤਾ ਪਰ ਝੋਨੇ ਦੀ ਸਿੱਧੀ ਬਿਜਾਈ ਵਾਲੀ ਫਸਲ ਸਾਰਾ ਪਾਣੀ ਪੀ ਗਈ। ਉਨਾਂ ਦੱਸਿਆ ਕਿ ਸ਼ਾਇਦ ਏਸੇ ਕਰਕੇ ਗੁਰਾਇਆ ਪਰਿਵਾਰ ਦੀ ਡੀ.ਐਸ.ਆਰ ਚ ਸਫਲਤਾ ਦੇਖ ਕੇ ਪਿੰਡ ਤਲਵੰਡੀ ਗੁਰਾਇਆ ਦੇ 80% ਰਕਬੇ ਚ ਝੋਨੇ ਦੀ ਸਿੱਧੀ ਬਿਜਾਈ ਹੋਈ ਹੈ।




ਉਨਾਂ ਅੱਗੇ ਦੱਸਿਆ ਕੇ ਡੀ.ਐਸ.ਆਰ ਕਰਨ ਨਾਲੋਂ ਸਮਝਣ ਵਾਲੀ ਤਕਨੀਕ ਜ਼ਿਆਦਾ ਹੈ। ਪਹਿਲਾਂ ਇੱਕ ਮਹੀਨਾ ਸਬਰ ਤੇ ਵਿਸ਼ਵਾਸ਼ ਰੱਖਣਾ ਪੈਂਦਾ ਹੈ। ਦਸ ਹਜ਼ਾਰ ਰੁਪਏ ਕਿੱਲੇ ਪਿੱਛੇ ਬੱਚਤ ਹੈ। 1500 ਰੁ ਸਰਕਾਰ ਵੱਲੋਂ ਹਨ ਅਤੇ ਮਸ਼ੀਨਰੀ ਤੇ ਸਰੀਰਕ ਲੇਬਰ ਦੀ ਬਹੁਤ ਘੱਟ ਲੋੜ ਹੈ। ਮਿੱਟੀ ਖੁੱਲਦੀ ਹੈ ਜਿਸ ਨਾਲ ਬਿਮਾਰੀ ਨਹੀਂ ਲੱਗਦੀ ਤੇ ਅਗਲੀ ਫਸਲ ਵਿੱਚ ਫਾਇਦਾ ਹੁੰਦਾ ਹੈ। ਪਾਣੀ ਦੀ ਬੱਚਤ ਵੀ ਹੈ ਅਤੇ ਸਾਰਾ ਵਾਧੂ ਪਾਣੀ ਜ਼ਮੀਨ ਜ਼ੀਰਦੀ ਹੈ।


ਇਸ ਮੌਕੇ ‘ਯੰਗ ਇੰਨੋਵੇਟਿਵ ਫਾਰਮਰਜ਼’ ਗਰੁੱਪ ਦੇ ਅਗਾਂਹਵਧੂ ਕਿਸਾਨ ਗੁਰਬਿੰਦਰ ਸਿੰਘ ਬਾਜਵਾ, ਜੋ ਕਿਸਾਨਾਂ ਲਈ ਰੋਲ ਮਾਡਲ ਵਜੋਂਂ ਕੰਮ ਕਰ ਰਹੇ ਹਨ ਨੇ ਦੱਸਿਆ ਕਿ ਖ਼ੇਤੀ ਸਾਡਾ ਥੰਮ ਹੈ ਤੇ ਮਿੱਟੀ ਪਾਣੀ ਇਸਦੇ ਸੀਮੈਂਟ ਬੱਜਰੀ। ਇਸਨੂੰ ਬਚਾਉਣ ਲਈ ਕੱਦੂਮੁਕਤ, ਅੱਗਮੁਕਤ, ਝੋਨਾ ਮੁਕਤ ਅਤੇ ਜ਼ਹਿਰ ਮੁਕਤ ਪੰਜਾਬ ਮਿਸ਼ਨ ਦੇ ਹਿੱਸੇਦਾਰ ਬਣਨ ਦੀ ਅਹਿਮ ਲੋੜ ਹੈ।