Sangrur News: ਗਿਰਦਾਵਰੀ ਨੂੰ ਉਡੀਕ-ਉਡੀਕ ਕਿਸਾਨ ਮੁੜ ਝੋਨਾ ਲਾਉਣ ਲੱਗ ਪਏ ਹਨ। ਘੱਗਰ ਦੀ ਮਾਰ ਹੇਠ ਆਏ ਜ਼ਿਲ੍ਹਾ ਪਟਿਆਲਾ, ਸੰਗਰੂਰ ਤੇ ਮਾਨਸਾ ਦੇ ਰਕਬੇ ਵਿੱਚ ਪਾਣੀ ਉਤਰਨ ਮਗਰੋਂ ਕਿਸਾਨ ਖੇਤਾਂ ’ਚ ਮੁੜ ਝੋਨੇ ਦੀ ਲੁਆਈ ’ਚ ਜੁਟ ਗਏ ਹਨ। ਅਹਿਮ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਕਾਰਨ ਫ਼ਸਲ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਹੋਣੀ ਅਜੇ ਬਾਕੀ ਹੈ ਪਰ ਕਿਸਾਨ ਮੁੜ ਝੋਨਾ ਲਾਉਣ ਲੱਗ ਪਏ ਹਨ। 



ਕਿਸਾਨਾਂ ਦਾ ਕਹਿਣਾ ਹੈ ਕਿ ਵਿਸ਼ੇਸ਼ ਗਿਰਦਾਵਰੀ ਦੇ ਕੰਮ ਕਾਫੀ ਮੱਠਾ ਹੈ। ਸਰਕਾਰ ਨੇ ਖੁਦ ਹੀ ਗਿਰਦਾਵਰੀ ਲਈ 15 ਅਗਸਤ ਤੱਕ ਦਾ ਸਮਾਂ ਦਿੱਤਾ ਹੈ ਪਰ ਇੰਨੇ 'ਚ ਝੋਨੇ ਦੀ ਲੁਆਈ ਦਾ ਸਮਾਂ ਲੰਘ ਜਾਏਗਾ। ਉਧਰ ਖੇਤੀਬਾੜੀ ਵਿਭਾਗ ਨੇ ਵੀ ਮੰਨਿਆ ਹੈ ਕਿ 15 ਅਗਸਤ ਤੱਕ ਝੋਨੇ ਦੀ ਲੁਆਈ ਹੋ ਸਕਦੀ ਹੈ। ਇਸ ਸਮੇਂ ਦੌਰਾਨ ਝੋਨੇ ਦੀ ਫ਼ਸਲ ਦੇ ਝਾੜ ਉਪਰ ਕੋਈ ਅਸਰ ਨਹੀਂ ਪਵੇਗਾ। 



ਸੰਗਰੂਰ ਜ਼ਿਲ੍ਹੇ ਅੰਦਰ ਹੁਣ ਤੱਕ ਕਰੀਬ 8 ਤੋਂ 10 ਹਜ਼ਾਰ ਏਕੜ ਵਿੱਚ ਮੁੜ ਝੋਨੇ ਦੀ ਲੁਆਈ ਕੀਤੀ ਜਾ ਚੁੱਕੀ ਹੈ। ਹੜ੍ਹਾਂ ਕਾਰਨ ਜ਼ਿਲ੍ਹਾ ਸੰਗਰੂਰ ’ਚ ਪੈਂਦੇ ਮੂਨਕ ਤੇ ਖਨੌਰੀ ’ਚ ਕਰੀਬ 44 ਹਜ਼ਾਰ ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਸੀ, ਜਿਸ ’ਚੋਂ ਕਰੀਬ 30 ਹਜ਼ਾਰ ਏਕੜ ਰਕਬੇ ਵਿੱਚ ਮੁੜ ਝੋਨੇ ਦੀ ਲੁਆਈ ਹੋਣ ਦੀ ਸੰਭਾਵਨਾ ਹੈ। 



ਜ਼ਿਲ੍ਹਾ ਸੰਗਰੂਰ ਦੇ ਘੱਗਰ ਨਾਲ ਲੱਗਦੇ ਮੂਨਕ ਤੇ ਖਨੌਰੀ ਦੇ ਕੁੱਲ 34 ਪਿੰਡਾਂ ਵਿੱਚ ਲਗਪਗ 61 ਹਜ਼ਾਰ ਏਕੜ ਰਕਬੇ ਵਿੱਚ ਝੋਨੇ ਦੀ ਲੁਆਈ ਹੋਈ ਸੀ। ਇਸ ਰਕਬੇ ’ਚੋਂ ਕਰੀਬ 44 ਹਜ਼ਾਰ ਏਕੜ ਝੋਨੇ ਦੀ ਫ਼ਸਲ ਹੜ੍ਹਾਂ ਦੀ ਮਾਰ ਹੇਠ ਆ ਗਈ ਸੀ। ਕੁੱਲ 34 ਪਿੰਡਾਂ ’ਚੋਂ 18 ਪਿੰਡ ਅਜਿਹੇ ਹਨ, ਜਿਥੇ ਝੋਨੇ ਦੀ ਫ਼ਸਲ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। 



ਸੰਗਰੂਰ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਚਹਿਲ ਅਨੁਸਾਰ ਝੋਨੇ ਦੀਆਂ ਕਿਸਮਾਂ ਪੀਆਰ-126, 1692 ਤੇ 1509 ਨੂੰ ਤਿੰਨ ਮਹੀਨੇ ਦਾ ਸਮਾਂ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 180 ਏਕੜ ਰਕਬੇ ’ਚ ਝੋਨੇ ਦੀ ਪਨੀਰੀ ਬਿਜਾਈ ਗਈ ਹੈ, ਜੋ 5 ਅਗਸਤ ਤੱਕ ਤਿਆਰ ਹੋ ਜਾਵੇਗੀ ਤੇ ਲਾਉਣ ਯੋਗ ਹੋਵੇਗੀ। ਇੱਕ ਏਕੜ ਦੀ ਪਨੀਰੀ ਨਾਲ ਕਰੀਬ 100 ਏਕੜ ਰਕਬੇ ’ਚ ਝੋਨੇ ਦੀ ਬਿਜਾਈ ਹੋ ਸਕਦੀ ਹੈ। ਹੜ੍ਹ ਪੀੜ੍ਹਤ ਕਿਸਾਨਾਂ ਨੂੰ 5 ਅਗਸਤ ਤੋਂ ਝੋਨੇ ਦੀ ਪਨੀਰੀ ਮੁਫ਼ਤ ਮੁਹੱਈਆ ਕਰਾਉਣ ਲਈ ਸਮੁੱਚੇ ਪ੍ਰਬੰਧ ਕੀਤੇ ਗਏ ਹਨ।