ਜਲੰਧਰ: ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਦੇ ਸੂਬੇ ਦੇ ਦਰਿਆਵਾਂ ਨੂੰ ਦੂਸ਼ਿਤ ਕਰਨ ਲਈ 50 ਕਰੋੜ ਦਾ ਜ਼ੁਰਮਾਨਾ ਠੋਕਿਆ ਪਰ ਇਸ ਦੇ ਬਾਵਜੂਦ ਸਰਕਾਰੀ ਅਧਿਕਾਰੀਆਂ ਨੇ ਕੋਈ ਸਬਕ ਨਹੀਂ ਸਿੱਖਿਆ। ਦਰਅਸਲ ਐਨਜੀਟੀ ਵੱਲੋਂ ਬਣਾਈ ਨਿਗਰਾਨ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਬਸਤੀ ਪੀਰ ਦਾਦ ਦੇ 5੦ ਐਮਐਲਡੀ ਵਾਲੇ ਟਰੀਟਮੈਂਟ ਪਲਾਂਟ ਦੀ ਅਚਨਚੇਤੀ ਚੈਕਿੰਗ ਕੀਤੀ ਗਈ ਜਿਸ ਵਿੱਚ ਪਤਾ ਲੱਗਾ ਕਿ ਪਲਾਂਟ ਪਲਾਸਟਿਕ ਦੀ ਇੱਕ ਪਾਈਪ ਘਾਹ ਵਿੱਚ ਦੱਬੀ ਹੋਈ ਸੀ ਤੇ ਇਹ ਸਿੱਧੀ ਜਾ ਕੇ ਡਰੇਨ ਵਿੱਚ ਮਿਲ ਰਹੀ ਸੀ, ਯਾਨੀ ਚੋਰੀ ਛਿਪੇ ਅਣਸੋਧਿਆ ਪਾਣੀ ਡਰੇਨ ਵਿੱਚ ਸੁੱਟਿਆ ਜਾ ਰਿਹਾ ਸੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਗਰਾਨ ਇੰਜੀਨੀਅਰ ਹਰਬੀਰ ਸਿੰਘ ਨੇ ਦੱਸਿਆ ਕਿ ਲਾਪ੍ਰਵਾਹੀ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।



ਇਹ ਪਾਈਪ ਟਰੀਟਮੈਂਟ ਪਲਾਂਟ ਦੀ ਉਸ ਥਾਂ ਕੋਲ ਦੱਬਿਆ ਹੋਇਆ ਮਿਲਿਆ ਜਿੱਥੋਂ ਪਾਣੀ ਸਾਫ ਹੋ ਕੇ ਪਲਾਂਟ ਵਿਚੋਂ ਬਾਹਰ ਜਾਂਦਾ ਸੀ। ਪਲਾਂਟ ਚਲਾਉਣ ਵਾਲੇ ਪ੍ਰਬੰਧਕ ਬਿਜਲੀ ਫੂਕਣ ਦੇ ਬਾਵਜੂਦ ਅਣਸੋਧੇ ਪਾਣੀ ਨੂੰ ਟਰੀਟ ਕੀਤੇ ਹੋਏ ਪਾਣੀ ਵਿੱਚ ਰਲਾ ਰਹੇ ਸੀ। ਪਲਾਂਟ ਵਿੱਚੋਂ ਨਿਕਲਣ ਵਾਲੇ ਗੰਦੇ ਪਾਣੀ ਦੇ ਪਾਈਪ ਦਾ ਦੂਜਾ ਮੋਘਾ ਸਿੱਧਾ ਹੀ ਡਰੇਨ ਵਿੱਚ ਖੋਲ੍ਹਿਆ ਗਿਆ ਸੀ। ਇਸ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਬਚਾਉਣ ਲਈ ਜ਼ਮੀਨ ਹੇਠਾਂ ਨੱਪਿਆ ਹੋਇਆ ਸੀ।

ਇਸ ਮਸਲੇ ਨੂੰ ਮੀਟਿੰਗ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਆਏ ਸੀਨੀਅਰ ਅਧਿਕਾਰੀ ਜੇ ਚੰਦਰਬਾਬੂ ਦੇ ਸਾਹਮਣੇ ਰੱਖਿਆ। ਮੀਟਿੰਗ ਵਿੱਚ ਹਾਜ਼ਰ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਹ ਗੱਲ ਸਵੀਕਾਰਨੀ ਪਈ ਕਿ ਉੱਥੇ ਪਾਈਪਾਂ ਰਾਹੀਂ ਪਲਾਂਟ ਵਾਲੇ ਅਣਸੋਧਿਆ ਪਾਣੀ ਡਰੇਨ ਵਿੱਚ ਪਾ ਰਹੇ ਸੀ। ਪਲਾਂਟ ਵਿਚੋਂ ਨਿਕਲਣ ਵਾਲੀ ਸਲੱਜ ਦੀ ਮਾਤਰਾ ਘੱਟ ਹੋਣ 'ਤੇ ਹੀ ਸ਼ੱਕ ਪਈ ਕਿ ਪਲਾਂਟ ਦਾ ਪਾਣੀ ਬਾਈਪਾਸ ਕਰਕੇ ਕਿਸੇ ਗੁਪਤ ਢੰਗ ਨਾਲ ਡਰੇਨ ਵਿਚ ਸੁੱਟਿਆ ਜਾ ਰਿਹਾ ਹੈ।

ਇਸ ਪਲਾਂਟ ਦੀ ਨਜ਼ਰਸਾਨੀ ਕਰਦੇ ਆ ਰਹੇ ਸੰਤ ਬਲਦੇਵ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਪਲਾਂਟ ਵਾਲਿਆਂ ਦੀ ਇਸ ਕਾਰਸਤਾਨੀ ਨੂੰ ਦੇਖਦੇ ਆ ਰਹੇ ਸੀ ਪਰ ਮੌਕੇ 'ਤੇ ਰੰਗੇ ਹੱਥੀਂ ਪਲਾਂਟ ਵਾਲਿਆਂ ਦੀ ਚੋਰੀ ਫੜ ਕੇ ਸੰਤ ਸੀਚੇਵਾਲ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਸੀ।