ਚੰਡੀਗੜ੍ਹ: ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਆਪਣੀਆਂ ਸੜਕੀ ਸੰਕੇਤ ਤਖ਼ਤੀਆਂ 'ਤੇ ਸੁਨਹਿਰੀ ਮੰਦਰ ਲਿਖਣ ਲਈ ਮਾਫੀ ਮੰਗ ਲਈ ਹੈ। ਇਸ ਦੇ ਨਾਲ ਹੀ ਇਸ ਨੂੰ ਤੁਰੰਤ ਤਬਦੀਲ ਕਰਨ ਭਰੋਸਾ ਦਵਾਇਆ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਜਾਰੀ ਪੱਤਰ ਵਿੱਚ ਅਧਿਕਾਰੀਆਂ ਨੂੰ ਇਹ ਤਬੀਦੀਲੀ ਤੁਰੰਤ ਕਰਨ ਦਾ ਹੁਕਮ ਦਿੱਤਾ ਹੈ।


ਦਰਅਸਲ ਇਹ ਮਾਮਲਾ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਅਥਾਰਟੀ, ਕੇਂਦਰ ਤੇ ਪੰਜਾਬ ਸਰਕਾਰ ਨੂੰ ਗ਼ਲਤੀ ਨੂੰ ਫੌਰੀ ਤੌਰ 'ਤੇ ਦੂਰ ਕਰਨ ਲਈ ਕਿਹਾ ਹੈ। ਇਸ ਮਗਰੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਤੁਰੰਤ ਕਾਰਵਾਈ ਕੀਤੀ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਗੋਲਡਨ ਟੈਂਪਲ ਦਾ ਹਿੰਦੀ ਤੇ ਪੰਜਾਬੀ ਵਿੱਚ ਇਨ-ਬਿਨ ਤਰਜ਼ਮਾ ਕਰਨ ਕਰਕੇ ਇਹ ਗਲਤੀ ਹੋਈ ਹੈ।


ਯਾਦ ਰਹੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਭਾਰਤ ਸਰਕਾਰ ਸਬੰਧਤ ਵਿਭਾਗ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਨੈਸ਼ਨਲ ਹਾਈਵੇ ਅਥਾਰਟੀ ਭਾਰਤ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਨੂੰ ਆਉਣ ਵਾਲੇ ਰਸਤਿਆਂ ਸਬੰਧੀ ਲਾਏ ਗਏ ਸਾਈਨ ਬੋਰਡ 'ਤੇ ਲਿਖੇ 'ਸੁਨਿਹਰੀ ਮੰਦਰ' ਨੂੰ ਤੁਰੰਤ ਠੀਕ ਕਰਵਾਇਆ ਜਾਵੇ।

ਸ੍ਰੀ ਦਰਬਾਰ ਸਾਹਿਬ ਜੀ ਨੂੰ ਆਉਣ ਵਾਲੇ ਰਸਤਿਆਂ 'ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਸੁਨਹਿਰੀ ਮੰਦਰ ਲਿਖੇ ਜਾਣ 'ਤੇ ਸਿੱਖ ਸੰਗਤ ਨੇ ਵੀ ਸਖ਼ਤ ਇਤਰਾਜ਼ ਜਤਾਇਆ ਸੀ। ਉਂਝ ਇਹ ਪਹਿਲੀ ਵਾਰ ਨਹੀਂ ਹੈ ਕਿ ਸੜਕਾਂ 'ਤੇ ਲੱਗੇ ਬੋਰਡ ਗ਼ਲਤ ਲਿਖਿਆ ਗਿਆ ਹੋਵੇ। ਇਸ ਤੋਂ ਪਹਿਲਾਂ ਜਲੰਧਰ ਵਿੱਚ ਸੜਕ 'ਤੇ ਲੱਗੇ ਬੋਰਡ 'ਤੇ ਸ੍ਰੀ ਦੁਰਗਿਆਨਾ ਮੰਦਰ ਦੇ ਨਾਲ ਰੇਲਵੇ ਸਟੇਸ਼ਨ ਨਾਲ ਵੀ ਸ੍ਰੀ ਲਾ ਦਿੱਤਾ ਗਿਆ ਸੀ। ਉਂਝ ਵੀ ਕੌਮੀ ਸ਼ਾਹਰਾਹ 'ਤੇ ਪੰਜਾਬੀ ਲਿਖਣ ਵਿੱਚ ਗ਼ਲਤੀਆਂ ਅਕਸਰ ਹੀ ਦੇਖਣ ਨੂੰ ਮਿਲਦੀਆਂ ਹਨ। ਇੰਨੀ ਵੱਡੀ ਕੁਤਾਹੀ ਤੋਂ ਸਾਫ ਹੈ ਕਿ ਐਨਐਚਏਆਈ ਦੇ ਇਹ ਸੰਕੇਤ ਬੋਰਡ ਕਿੰਨੀ ਕੁ ਸਹੀ ਸੂਚਨਾ ਦਿੰਦੇ ਹਨ।