ਟਾਰਗੇਟ ਕਿਲਿੰਗ ਮਾਮਲੇ 'ਚ 15 'ਖਾਲਿਸਤਾਨੀਆਂ' ਖਿਲਾਫ ਚਾਰਜਸ਼ੀਟ ਦਾਖਲ
ਏਬੀਪੀ ਸਾਂਝਾ | 15 May 2018 12:16 PM (IST)
ਨਵੀਂ ਦਿੱਲੀ: ਧਾਰਮਿਕ ਲੀਡਰਾਂ ਦੀ ਹੱਤਿਆ ਦੇ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ ਨੇ 15 ਵਿਅਕਤੀਆਂ ਖ਼ਿਲਾਫ਼ ਦੋ ਚਾਰਜਸ਼ੀਟਾਂ ਦਾਖਲ ਕੀਤੀਆਂ ਹਨ। ਇਨ੍ਹਾਂ ਮੁਲਜ਼ਮ ਵਿੱਚ ਕੁਝ ਖਾਲਿਸਤਾਨੀਆਂ ਨਾਲ ਸਬੰਧਤ ਮੰਨੇ ਗਏ ਹਨ। ਇਹ ਚਾਰਜਸ਼ੀਟਾਂ ਬੀਤੇ ਵਰ੍ਹੇ ਲੁਧਿਆਣਾ ਵਿੱਚ ਆਰਐਸਐਸ ਆਗੂ ਅਮਿਤ ਸ਼ਰਮਾ ਤੇ ਪਾਦਰੀ ਸੁਲਤਾਨ ਮਸੀਹ ਦੀ ਹੱਤਿਆ ਦੇ ਮਾਮਲੇ ਵਿੱਚ ਦਾਖਲ ਕੀਤੀਆਂ ਹਨ। ਮਾਮਲੇ ਦੀ ਅਗਲੀ ਸੁਣਵਾਈ 21, 22 ਤੇ 23 ਮਈ ਨੂੰ ਹੋਏਗੀ। ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਦਾਖ਼ਲ ਚਾਰਜਸ਼ੀਟ ਵਿੱਚ ਜਾਂਚ ਏਜੰਸੀ ਨੇ ਕਿਹਾ ਹੈ ਕਿ ਦੋ ਵਿਅਕਤੀਆਂ ਦੀ ਹੱਤਿਆ ਦੀ ਸਾਜਿਸ਼ ਦੇ ਤਾਰ ਪਾਕਿਸਤਾਨ, ਆਸਟਰੇਲੀਆ, ਫਰਾਂਸ, ਇਟਲੀ, ਯੂਕੇ ਤੇ ਯੂਏਈ ਸਮੇਤ ਕਈ ਮੁਲਕਾਂ ਨਾਲ ਜੁੜੇ ਹੋਏ ਹਨ। ਇਹ ਹੱਤਿਆਵਾਂ ਨੇ ਸੁਰੱਖਿਆ ਏਜੰਸੀਆਂ ਤੇ ਸਰਕਾਰ ਦੀ ਨੀਂਦ ਉਡਾ ਦਿੱਤੀ ਸੀ। ਚਾਰਜਸ਼ੀਟ ਵਿੱਚ ਹਰਮੀਤ ਸਿੰਘ, ਗੁਰਜਿੰਦਰ ਸਿੰਘ, ਗੁਰਸ਼ਰਨਬੀਰ ਸਿੰਘ, ਗੁਰਜੰਟ ਸਿੰਘ ਢਿੱਲੋਂ ਜਿਨ੍ਹਾਂ ਦੇ ਪਾਕਿਸਤਾਨ, ਇਟਲੀ, ਯੂਕੇ ਤੇ ਆਸਟਰੇਲੀਆ ਵਿੱਚ ਹੋਣ ਦੀ ਸੰਭਾਵਨਾ ਹੈ, ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰਦੀਪ ਸਿੰਘ, ਰਮਨਦੀਪ ਸਿੰਘ, ਧਰਮਿੰਦਰ ਸਿੰਘ, ਅਨਿਲ ਕੁਮਾਰ, ਜਗਤਾਰ ਸਿੰਘ ਜੌਹਲ, ਅਮਨਿੰਦਰ ਸਿੰਘ, ਮਨਪ੍ਰੀਤ ਸਿੰਘ, ਰਵੀਪਾਲ ਸਿੰਘ, ਪਹਾੜ ਸਿੰਘ ਤੇ ਮਲੂਕ ਤੋਮਰ ਦੇ ਨਾਂ ਵੀ ਚਾਰਜਸ਼ੀਟ ਵਿੱਚ ਸ਼ਾਮਲ ਹਨ।