ਮੋਹਾਲੀ: ਕੇਂਦਰੀ ਜਾਂਚ ਏਜੰਸੀ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨ ਸਰਹੱਦ ਤੋਂ ਡਰੋਨ ਰਾਹੀਂ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਸਣੇ ਦੋ ਲੋਕਾਂ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।
ਰਣਜੀਤ ਸਿੰਘ ਨੀਟਾ ਮੂਲ ਰੂਪ ਤੋਂ ਜੰਮੂ ਦਾ ਰਹਿਣ ਵਾਲਾ ਹੈ ਜਦਕਿ ਦੂਜਾ ਦੋਸ਼ੀ ਗੁਰਮੀਤ ਸਿੰਘ ਪੰਜਾਬ ਦੇ ਹੁਸ਼ਿਆਰਪੁਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਇਸ ਸਮੇਂ ਉਹ ਜਰਮਨੀ ਵਿੱਚ ਰਹਿ ਰਿਹਾ ਹੈ।ਉਧਰ ਨੀਟਾ ਦੇ ਪਾਕਿਸਤਾਨ ਵਿੱਚ ਹੋਣ ਦੀ ਖ਼ਬਰ ਮਿਲੀ ਹੈ।
ਐਨਆਈਏ ਦੇ ਮੁਤਾਬਕ, 22 ਸਤੰਬਰ, 2019 ਨੂੰ, ਅੰਮ੍ਰਿਤਸਰ ਪੁਲਿਸ ਦੁਆਰਾ ਇਸ ਸਬੰਧ ਵਿੱਚ ਇੱਕ ਕੇਸ ਦਾਇਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਸ ਨੂੰ ਜਾਂਚ ਲਈ ਐੱਨਆਈਏ ਦੇ ਹਵਾਲੇ ਕਰ ਦਿੱਤਾ ਗਿਆ ਸੀ। ਇਸ ਸਬੰਧ ਵਿੱਚ ਹੁਣ ਤਕ ਨੌਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਐੱਨਆਈਏ ਨੂੰ ਡਰੋਨ, ਹਥਿਆਰਾਂ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਇਨ੍ਹਾਂ ਮਾਮਲਿਆਂ ਵਿੱਚ ਅਹਿਮ ਰੋਲ ਹੈ ਅਤੇ ਇਸ ਦਾ ਮੁਖੀ ਰਣਜੀਤ ਸਿੰਘ ਨੀਟਾ ਅਤੇ ਉਸਦਾ ਸਾਥੀ ਗੁਰਮੀਤ ਉਰਫ ਬੱਗਾ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਇਹ ਹਥਿਆਰ ਭਾਰਤ ਪਹੁੰਚਾ ਰਹੇ ਸਨ।
ਐਨਆਈਏ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਅਜਿਹੀਆਂ ਕਈ ਘਟਨਾਵਾਂ ਪੰਜਾਬ ਜੰਮੂ ਨੇੜੇ ਪਾਕਿਸਤਾਨ ਦੀ ਸਰਹੱਦ ਨਾਲ ਹੋ ਰਹੀਆਂ ਹਨ। ਅਧਿਕਾਰੀ ਨੇ ਦੱਸਿਆ ਕਿ ਇਸ ਸਮੂਹ ਨੇ ਕੁਝ ਸਥਾਨਕ ਅੱਤਵਾਦੀਆਂ ਨੂੰ ਵੀ ਭਰਤੀ ਕੀਤਾ ਹੈ ਅਤੇ ਇਨ੍ਹਾਂ ਡਰੋਨਜ਼ ਰਾਹੀਂ ਜਾਅਲੀ ਨੋਟ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐੱਨਆਈਏ ਅਨੁਸਾਰ ਇਸ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਕਈ ਅਹਿਮ ਖੁਲਾਸੇ ਕੀਤੇ ਹਨ ਜਿਸ ਦੇ ਅਧਾਰ ‘ਤੇ ਜਾਂਚ ਚੱਲ ਰਹੀ ਹੈ।
ਹਾਲ ਹੀ ਵਿਚ, ਪੰਜਾਬ ਪੁਲਿਸ ਨੇ ਸਰਹੱਦ 'ਤੇ ਚੋਲਾ ਸਾਹਿਬ ਨੇੜੇ ਪਾਕਿਸਤਾਨੀ ਡਰੋਨ ਅਤੇ ਹਥਿਆਰ ਫੜੇ ਸਨ। ਐਨਆਈਏ ਹੁਣ ਇਸ ਕੇਸ ਦੀ ਜਾਂਚ ਕਰ ਰਹੀ ਹੈ। ਡਰੋਨ ਨਾਲ ਫੜੇ ਗਏ ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਡਰੋਨ ਆਪ੍ਰੇਸ਼ਨ ਰਣਜੀਤ ਨੀਟਾ ਪਾਕਿਸਤਾਨ ਤੋਂ ਚਲਾਉਂਦਾ ਸੀ।
ਰਣਜੀਤ ਸਿੰਘ ਨੀਟਾ ਜੋ ਇਸ ਵਕਤ ਪਾਕਿਸਤਾਨ 'ਚ ਮੌਜੂਦ ਹੈ ਅਤੇ ਗੁਰਮੀਤ ਸਿੰਘ ਜੋ ਜਰਮਨੀ ਵਿੱਚ ਮੌਜੂਦਾ ਹੈ ਦੇ ਵਿਰੁੱਧ ਗ੍ਰਿਫ਼ਤਾਰੀ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ।
ਰਣਜੀਤ ਸਿੰਘ ਨੀਟਾ, ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜੇਡਐਫ) ਦਾ ਪਾਕਿਸਤਾਨ ਅਧਾਰਤ ਪ੍ਰਮੁੱਖ ਹੈ। ਜੋ ਇੱਕ ਅੱਤਵਾਦੀ ਸੰਗਠਨ ਹੈ ਅਤੇ ਗੁਰਮੀਤ ਸਿੰਘ ਹੈਮਬਰਗ, ਜਰਮਨੀ ਵਿੱਚ ਸਥਿਤ ਕੇਜ਼ੈਡਐਫ ਦਾ ਇੱਕ ਅਹਿਮ ਕਾਰਜਕਰਤਾ ਹੈ। ਜਾਂਚ ਵਿੱਚ ਖੁਲਾਸਾ ਹੋਇਆ ਕਿ ਉਨ੍ਹਾਂ ਨੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਪੰਜਾਬ ਤੋਂ ਵਿਅਕਤੀਆਂ ਦੀ ਭਰਤੀ ਵੀ ਕੀਤੀ ਸੀ।
ਨੀਟਾ ਨੂੰ ਪਾਕਿਸਤਾਨ ਵਿੱਚ ਬੈਠੇ ਬਹੁਤ ਸਾਰੇ ਲੋੜੀਂਦੇ ਖਾਲਿਸਤਾਨੀ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਜੰਮੂ ਦੇ ਸਿੰਬਲ ਕੈਂਪ ਦਾ ਵਸਨੀਕ ਹੈ। ਅੱਤਵਾਦ ਦੇ ਯੁੱਗ ਵਿੱਚ ਨੀਟਾ ਪੰਜਾਬ ਰੇਲਵੇ ਟਰੈਕਾਂ 'ਤੇ ਬੰਬ ਰੱਖਣ ਅਤੇ ਪਠਾਨਕੋਟ ਬੱਸ ਅੱਡੇ' ਤੇ ਹੋਏ ਧਮਾਕੇ ਲਈ ਵੀ ਜ਼ਿੰਮੇਵਾਰ ਸੀ।
ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ
ਏਬੀਪੀ ਸਾਂਝਾ
Updated at:
12 Feb 2020 01:54 PM (IST)
ਕੇਂਦਰੀ ਜਾਂਚ ਏਜੰਸੀ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨ ਸਰਹੱਦ ਤੋਂ ਡਰੋਨ ਰਾਹੀਂ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਸਣੇ ਦੋ ਲੋਕਾਂ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।
- - - - - - - - - Advertisement - - - - - - - - -