Ludhiana Bomb Blast Case : ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਲੁਧਿਆਣਾ ਅਦਾਲਤੀ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੇ ਸਬੰਧ ਵਿੱਚ ਬੁੱਧਵਾਰ ਨੂੰ ਖੰਨਾ ਇਲਾਕੇ ਵਿੱਚ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਕੁਝ ਮੋਬਾਈਲ ਫੋਨਾਂ ਸਮੇਤ ਡਿਜੀਟਲ ਉਪਕਰਨ ਅਤੇ ਅਪਰਾਧਿਕ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਏਜੰਸੀ ਦਾ ਦਾਅਵਾ ਹੈ ਕਿ ਹੁਣ ਤੱਕ ਦੀ ਜਾਂਚ ਦੌਰਾਨ ਇਸ ਧਮਾਕੇ ਦੀਆਂ ਤਾਰਾਂ ਅੱਤਵਾਦੀ ਸੰਗਠਨਾਂ ਨਾਲ ਜੁੜੀਆਂ ਪਾਕਿਸਤਾਨ ਤੱਕ ਪਹੁੰਚ ਗਈਆਂ ਹਨ।
ਰਾਸ਼ਟਰੀ ਜਾਂਚ ਏਜੰਸੀ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਧਮਾਕਾ 23 ਦਸੰਬਰ 2021 ਨੂੰ ਲੁਧਿਆਣਾ ਅਦਾਲਤੀ ਕੰਪਲੈਕਸ ਦੇ ਟਾਇਲਟ ਵਿੱਚ ਹੋਇਆ ਸੀ। ਇਸ ਬੰਬ ਧਮਾਕੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖ਼ਮੀ ਹੋ ਗਏ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਸ ਬੰਬ ਧਮਾਕੇ ਦੌਰਾਨ ਮਾਰਿਆ ਗਿਆ ਵਿਅਕਤੀ ਬੰਬ ਰੱਖਣ ਲਈ ਅਦਾਲਤ ਵਿੱਚ ਆਇਆ ਸੀ। ਉਸ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜੀਟੀਵੀ ਨਗਰ ਖੰਨਾ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ।
ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਵੱਲੋਂ ਪਹਿਲਾਂ ਕੇਸ ਦਰਜ ਕੀਤਾ ਗਿਆ ਸੀ ,ਜੋ ਬਾਅਦ ਵਿੱਚ 13 ਜਨਵਰੀ 2022 ਨੂੰ ਰਾਸ਼ਟਰੀ ਜਾਂਚ ਏਜੰਸੀ ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ। ਏਜੰਸੀ ਦੇ ਅਧਿਕਾਰੀ ਮੁਤਾਬਕ ਹੁਣ ਤੱਕ ਦੀ ਜਾਂਚ ਦੌਰਾਨ ਇਸ ਮਾਮਲੇ ਦੇ ਤਾਰ ਅੱਤਵਾਦੀ ਸੰਗਠਨ ਰਾਹੀਂ ਪਾਕਿਸਤਾਨ ਪਹੁੰਚ ਚੁੱਕੇ ਹਨ। ਜਾਂਚ ਦੌਰਾਨ ਏਜੰਸੀ ਨੂੰ ਸੂਚਨਾ ਮਿਲੀ ਸੀ ਕਿ ਲੁਧਿਆਣਾ ਦੇ ਖੰਨਾ ਇਲਾਕੇ 'ਚ ਕੁਝ ਅਹਿਮ ਸਬੂਤ ਮਿਲ ਸਕਦੇ ਹਨ, ਇਸ ਲਈ ਅੱਜ 2 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ।
ਏਜੰਸੀ ਦਾ ਅਧਿਕਾਰਤ ਤੌਰ 'ਤੇ ਕਹਿਣਾ ਹੈ ਕਿ ਇਸ ਛਾਪੇਮਾਰੀ ਦੌਰਾਨ ਕੁਝ ਮੋਬਾਈਲ ਫੋਨ, ਡਿਜੀਟਲ ਡਿਵਾਈਸ ਅਤੇ ਅਪਰਾਧਕ ਦਸਤਾਵੇਜ਼ ਮਿਲੇ ਹਨ, ਐਨਆਈਏ ਦੇ ਸੂਤਰਾਂ ਅਨੁਸਾਰ ਬਰਾਮਦ ਕੀਤੇ ਗਏ ਦਸਤਾਵੇਜ਼ਾਂ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਇਸ ਮਾਮਲੇ 'ਚ ਕੁਝ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।