ਨਿਹੰਗਾਂ ਸਿੰਘਾਂ ਵੱਲੋਂ ਥਾਣੇ ਅੰਦਰ ਹੰਗਾਮੇ ਤੋਂ ਡਰੇ ਪੁਲਿਸ ਮੁਲਾਜ਼ਮ ਕਮਰਿਆਂ ’ਚੋਂ ਬਾਹਰ ਨਹੀਂ ਨਿਕਲੇ। ਨਿਹੰਗਾਂ ਦਾ ਦੋਸ਼ ਹੈ ਕਿ ਉਨ੍ਹਾਂ ਵੱਲੋਂ ਕਥਿਤ ਨਸ਼ਾ ਤਸਕਰ ਫੜਾਏ ਸਨ ਪਰ ਪੁਲਿਸ ਮੁਲਾਜ਼ਮਾਂ ਨੇ ਕਥਿਤ ਲੈਣ ਦੇਣ ਕਰਕੇ ਉਨ੍ਹਾਂ ਨੂੰ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਇਲਾਕੇ ਵਿੱਚ ਨਸ਼ਾ ਬੰਦ ਹੋਵੇਗਾ ਜਾਂ ਥਾਣਾ ਬੰਦ ਕਰਵਾ ਦਿੱਤਾ ਜਾਵੇਗਾ।
ਦੱਸ ਦਈਏ ਕਿ ਵੀਡੀਓ ਵਿੱਚ ਨਿਹੰਗ ਸਿੰਘ ਨੰਗੀਆਂ ਤਲਵਾਰਾਂ ਥਾਣੇ ਅੰਦਰ ਲਹਿਰਾਉਂਦੇ ਹੋਏ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਇਸ ਹੰਗਾਮੇ ਦੌਰਾਨ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਨਜ਼ਰ ਨਹੀਂ ਆ ਰਿਹਾ। ਨਿਹੰਗ ਸਿੰਘਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨਸ਼ਾ ਵੇਚਣ ਵਾਲਿਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਕਥਿਤ ਪੈਸੇ ਲੈ ਕੇ ਛੱਡ ਦਿੱਤਾ ਤੇ ਅਜਿਹਾ ਪਹਿਲੀ ਵਾਰ ਨਹੀਂ ਸਗੋਂ ਕਈ ਵਾਰ ਹੋ ਚੁੱਕਾ ਹੈ।
ਸੋਸ਼ਲ ਮੀਡੀਆ ’ਤੇ ਇਸ ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਥਿਤ ਸਿਆਸੀ ਪੁਸ਼ਤਪਨਾਹੀ ਤੇ ਪੁਲਿਸ ਦੀ ਕਥਿਤ ਮਿਲੀਭੁਗਤ ਨਾਲ ਨਸ਼ਾ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਵਰਗੇ ਆਮ ਲੋਕਾਂ ਨੂੰ ਨਸ਼ਾ ਵੇਚਣ ਵਾਲਿਆਂ ਦਾ ਪਤਾ ਹੈ ਤਾਂ ਪੁਲਿਸ ਇਸ ਤੋਂ ਅਣਜਾਣ ਕਿਉਂ ਹੈ।