ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਖ਼ਿਲਾਫ਼ ਇੱਕ ਰੋਸ ਰੈਲੀ ਕੱਢੀ ਗਈ। ਪਰ ਇਹ ਰੈਲੀ ਕੈਪਟਨ ਸਰਕਾਰ ਦੀ ਜਗ੍ਹਾ ਸੁਖਦੇਵ ਢੀਂਡਸਾ ਖ਼ਿਲਾਫ਼ ਰੋਸ ਰੈਲੀ ਲੱਗ ਰਹੀ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਸੁਖਦੇਵ ਢੀਂਡਸਾ 'ਤੇ ਜੰਮ ਕੇ ਨਿਸ਼ਾਨੇ ਲਾਏ ਗਏ। ਇੱਥੋਂ ਤੱਕ ਕਿ ਸੁਖਬੀਰ ਬਾਦਲ ਨੇ ਆਪਣੀ ਸਪੀਚ ਖਤਮ ਕਰਦਿਆਂ ਇਹ ਤੱਕ ਕਹਿ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਢੀਂਡਸਾ ਪਰਿਵਾਰ ਦੀ ਅੰਤਿਮ ਅਰਦਾਸ ਕਰ ਰਿਹਾ ਹੈ। ਅੰਤਿਮ ਅਰਦਾਸ ਦਾ ਮਤਲਬ ਹੁੰਦਾ ਹੈ ਉੱਪਰ ਜਾਣਾ, ਉੱਪਰ ਜਾਣ ਵਾਲੇ ਕਦੇ ਥੱਲੇ ਨਹੀਂ ਆਉਂਦੇ।


ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਸੀਨੀਅਰ ਆਗੂਆਂ ਨੇ ਕਿਹਾ ਸੀ ਕਿ ਸੁਖਦੇਵ ਢੀਂਡਸਾ ਦੀ ਕਾਂਗਰਸ ਦੇ ਨਾਲ ਮਿਲੀ ਭੁਗਤ ਹੈ। ਜਦ ਪੰਜਾਬ 'ਚ ਕੈਪਟਨ ਦੀ ਪਹਿਲੀ ਸਰਕਾਰ ਬਣੀ ਸੀ ਤਾਂ ਸਾਰੇ ਅਕਾਲੀ ਆਗੂਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ। ਪਰ ਸੁਖਦੇਵ ਢੀਂਡਸਾ ਖ਼ਿਲਾਫ਼ ਕੈਪਟਨ ਨੇ ਕੁੱਝ ਨਹੀਂ ਕੀਤਾ। ਇੱਥੋਂ ਤੱਕ ਕਿ ਉਨ੍ਹਾਂ ਦੇ ਘਰ ਬਾਹਰ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ।

ਇਸ ਦੌਰਾਨ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੀ ਸੁਖਦੇਵ ਢੀਂਡਸਾ ਖ਼ਿਲਾਫ਼ ਪਹਿਲੀ ਵਾਰ ਬੋਲੇ। ਉਨ੍ਹਾਂ ਕਿਹਾ ਕਿ ਉਹ ਹਰ ਸਮੇਂ ਸੁਖਦੇਵ ਢੀਂਡਸਾ ਦੀ ਆਪਣੇ ਪਰਿਵਾਰਿਕ ਮਾਮਲਿਆਂ 'ਚ ਵੀ ਸਲਾਹ ਮਸ਼ਵਰਾ ਲਿਆ ਕਰਦੇ ਸੀ। ਅੱਜ ਢੀਂਡਸਾ ਨੇ ਆਪਣਾ ਕਰੀਅਰ ਤਾਂ ਖਤਮ ਕਰ ਹੀ ਲਿਆ, ਨਾਲ ਹੀ ਆਪਣੇ ਬੇਟੇ ਦਾ ਕਰੀਅਰ ਵੀ ਖਤਮ ਕਰ ਲਿਆ। ਉਨ੍ਹਾਂ ਨੇ ਪਾਰਟੀ ਦੀ ਪਿੱਠ ਦੇ ਛੂਰਾ ਮਾਰਿਆ ਹੈ।