ਗਗਨਦੀਪ ਸ਼ਰਮਾ




ਅੰਮ੍ਰਿਤਸਰ: ਅੰਮ੍ਰਿਤਸਰ ਦੇ ਵੇਰਕਾ ਵਾਸੀਆਂ ਵੱਲੋਂ ਬੀਤੇ ਕੱਲ੍ਹ ਸਾਬਕਾ ਹਜ਼ੂਰੀ ਰਾਗੀ ਨਿਰਮਲ ਸਿੰਘ ਦੇ ਅੰਤਿਮ ਸੰਸਕਾਰ ਨੂੰ ਵੇਰਕਾ ਦੇ ਸਮਸ਼ਾਨ ਘਾਟ ਵਿੱਚ ਨਹੀਂ ਹੋਣ ਦਿੱਤਾ ਗਿਆ ਸੀ। ਇਸ 'ਤੇ ਹੁਣ ਵੇਰਕਾ ਦੇ ਬਾਸ਼ਿੰਦਿਆਂ ਦੀ ਚੁਫੇਰਿਓਂ ਹੋ ਰਹੀ ਆਲੋਚਨਾ ਤੋਂ ਬਾਅਦ ਤੇ ਰਾਗੀ ਸਭਾ ਵੱਲੋਂ ਵੇਰਕਾ ਵਿੱਚ ਕੀਰਤਨ ਨਾ ਕੀਤੇ ਜਾਣ ਦੇ ਐਲਾਨ ਮਗਰੋਂ ਅੱਜ ਵੇਰਕਾ ਵਾਸੀਆਂ ਨੇ ਇਸ 'ਤੇ ਆਪਣਾ ਪੱਖ ਰੱਖਿਆ।

ਉਨ੍ਹਾਂ ਵੱਲੋਂ ਬੀਤੇ ਕੱਲ੍ਹ ਰਾਗੀ ਨਿਰਮਲ ਸਿੰਘ ਦਾ ਅੰਤਿਮ ਸੰਸਕਾਰ ਨਾ ਹੋਣ ਦੇ ਲਏ ਗਏ ਫ਼ੈਸਲੇ ਨੂੰ ਫਿਰ ਸਹੀ ਤੇ ਜਾਇਜ਼ ਦੱਸਿਆ ਗਿਆ। ਇਸ ਦੇ ਨਾਲ ਹੀ ਕਿਹਾ ਕਿ ਵੇਰਕਾ ਵਾਸੀਆਂ ਨੂੰ ਨਿਸ਼ਾਨਾ ਬਣਾਏ ਜਾਣ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ ਕਿਉਂਕਿ ਪ੍ਰਸ਼ਾਸਨ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਵੇਰਕਾ ਦੇ ਲੋਕਾਂ ਦੀ ਬੀਤੇ ਕੱਲ੍ਹ ਨੁਮਾਇੰਦਗੀ ਕਰਨ ਵਾਲੇ ਮਾਸਟਰ ਹਰਪਾਲ ਸਿੰਘ ਵੇਰਕਾ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਰਾਗੀ ਨਿਰਮਲ ਸਿੰਘ ਦਾ ਸਸਕਾਰ ਵੇਰਕਾ ਵਿੱਚ ਨਾ ਹੋਣ ਦਾ ਫ਼ੈਸਲਾ ਬਿਲਕੁਲ ਸਹੀ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਹੀ ਇਹ ਫੈਸਲਾ ਲਿਆ ਗਿਆ ਸੀ।

ਉਹ ਰਾਗੀ ਨਿਰਮਲ ਸਿੰਘ ਦਾ ਹਮੇਸ਼ਾ ਸਤਿਕਾਰ ਕਰਦੇ ਰਹੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਦੀ ਭੂਮਿਕਾ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਜਿਸ ਤਰ੍ਹਾਂ ਚੋਰੀ ਛਿਪੇ ਵੇਰਕਾ ਦੇ ਸਮਸ਼ਾਨ ਘਾਟ ਵਿੱਚ ਰਾਗੀ ਨਿਰਮਲ ਸਿੰਘ ਦਾ ਅੰਤਿਮ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ, ਉਸ ਨਾਲ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਵਹਿਮ ਪੈਦਾ ਹੋ ਗਏ। ਲੋਕਾਂ ਦੇ ਮਨਾਂ ਵਿੱਚ ਵਾਇਰਸ ਫੈਲਣ ਦਾ ਖਦਸ਼ਾ ਬਣ ਗਿਆ ਸੀ।

ਹਰਪਾਲ ਸਿੰਘ ਵੇਰਕਾ ਨੇ ਦੱਸਿਆ ਕਿ ਉਨ੍ਹਾਂ ਨੇ ਵੇਰਕਾ ਦੀ ਪੰਚਾਇਤੀ ਜ਼ਮੀਨ ਜਿਸ ਦੀ ਕੀਮਤ ਇਸ ਵੇਲੇ ਦੋ ਕਰੋੜ ਤੋਂ ਵੱਧ ਹੈ ਤੇ ਜਿਸ ਜਗ੍ਹਾ ਤੇ ਅੰਤਿਮ ਸੰਸਕਾਰ ਹੋਇਆ ਹੈ, ਉਨ੍ਹਾਂ ਦੇ ਪਰਿਵਾਰ ਨੂੰ ਰਾਗੀ ਜੀ ਦੀ ਯਾਦ ਵਿੱਚ ਦੇ ਦਿੱਤੀ ਹੈ। ਜਿੱਥੇ ਪਰਿਵਾਰ ਸੰਗੀਤ ਅਕੈਡਮੀ ਜਾਂ ਮਿਊਜ਼ੀਅਮ ਬਣਾ ਸਕਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕਾਂਗਰਸੀ ਕੌਂਸਲਰ ਦੀ ਆਲੋਚਨਾ ਕਰਨ ਤੇ ਹਰਪਾਲ ਸਿੰਘ ਵੇਰਕਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਦੀ ਆਲੋਚਨਾ ਕਰਨ ਤੋਂ ਪਹਿਲਾਂ ਇਹ ਦੱਸੇ ਕਿ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਰਾਗੀ ਜੀ ਦੇ ਅੰਤਮ ਸੰਸਕਾਰ ਲਈ ਜਗਾ ਕਿਉਂ ਨਹੀਂ ਦਿੱਤੀ?