ਗਗਨਦੀਪ ਸ਼ਰਮਾ


ਅੰਮ੍ਰਿਤਸਰ: ਜੰਮੂ-ਕਸ਼ਮੀਰ ਦੀ ਕਠੂਆ ਪੁਲਿਸ ਵੱਲੋਂ ਬੀਤੇ ਕੱਲ੍ਹ ਟਰੱਕ ਵਿੱਚੋਂ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ। ਇਹ ਟਰੱਕ ਪੰਜਾਬ ਵਿੱਚੋਂ ਬੜੀ ਆਸਾਨੀ ਨਾਲ ਜੰਮੂ-ਕਸ਼ਮੀਰ ਵਿੱਚ ਦਾਖਲ ਹੋਇਆ ਸੀ। ਇਸ ਕਰਕੇ ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਸੁਰੱਖਿਆ ਤੇ ਪੁਲਿਸ ਨਾਕਾਬੰਦੀ ਉੱਪਰ ਉਂਗਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। 'ਏਬੀਪੀ ਸਾਂਝਾ' ਨੇ ਪੰਜਾਬ ਪੁਲਿਸ ਵੱਲੋਂ ਇਸ ਸੜਕ ਉੱਪਰ ਹਾਈ ਅਲਰਟ ਦੇ ਕੀਤੇ ਦਾਅਵਿਆਂ ਦਾ ਰਿਐਲਟੀ ਚੈੱਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਟਰੱਕ ਕਿੰਨੀ ਆਸਾਨੀ ਨਾਲ ਅੰਮ੍ਰਿਤਸਰ ਤੋਂ ਚੱਲ ਕੇ ਮਾਧੋਪੁਰ ਵਿੱਚ ਬਿਨਾਂ ਜਾਂਚ ਕਰਵਾਏ ਜੰਮੂ-ਕਸ਼ਮੀਰ ਵਿੱਚ ਦਾਖ਼ਲ ਹੋ ਰਹੇ ਹਨ।

'ਏਬੀਪੀ ਸਾਂਝਾ' ਦੀ ਟੀਮ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਥੂਨੰਗਲ ਤੋਂ ਇੱਕ ਟਰੱਕ ਵਿੱਚ ਸਵਾਰ ਹੋ ਕੇ ਸੁਰੱਖਿਆ ਦਾ ਰਿਐਲਟੀ ਚੈੱਕ ਸ਼ੁਰੂ ਕੀਤਾ। ਮਾਝੇ ਦੇ ਦੂਜੇ ਵੱਡੇ ਉਦਯੋਗਿਕ ਸ਼ਹਿਰ ਬਟਾਲਾ ਦੇ ਆਉਣ-ਜਾਣ ਵਾਲੇ ਕਿਸੇ ਵੀ ਰਸਤੇ 'ਤੇ ਪੁਲਿਸ ਵੱਲੋਂ ਸੁਰੱਖਿਆ ਲਈ ਨਾ ਤਾਂ ਨਾਕੇ ਲਾਏ ਗਏ ਸਨ ਤੇ ਨਾ ਹੀ ਕਿਸੇ ਮੁਲਾਜ਼ਮ ਨੂੰ ਤਾਇਨਾਤ ਕੀਤਾ ਗਿਆ ਸੀ। ਬਟਾਲਾ ਦੇਸ਼ ਵਿਰੋਧੀ ਅਨਸਰਾਂ ਦੇ ਹਮੇਸ਼ਾ ਨਿਸ਼ਾਨੇ 'ਤੇ ਰਿਹਾ ਹੈ।

ਮਾਝੇ ਦੇ ਇੱਕ ਹੋਰ ਉਦਯੋਗਿਕ ਕਸਬੇ ਧਾਰੀਵਾਲ ਵਿੱਚ ਦਾਖਲ ਹੋਣ ਵਾਲੇ ਰਸਤੇ 'ਤੇ ਵੀ ਕਿਸੇ ਕਿਸਮ ਦਾ ਨਾਕਾ ਨਹੀਂ ਸੀ ਲਾਇਆ ਗਿਆ। ਨਾ ਹੀ ਕਿਸੇ ਪੁਲਿਸ ਮੁਲਾਜ਼ਮ ਨੂੰ ਤਾਇਨਾਤ ਕੀਤਾ ਗਿਆ ਸੀ। ਟਰੱਕ ਤੇ ਹੋਰ ਵਾਹਨ ਆਸਾਨੀ ਨਾਲ ਪਠਾਨਕੋਟ ਵਾਲੇ ਪਾਸੇ ਵਧ ਰਹੇ ਸਨ। ਗੁਰਦਾਸਪੁਰ ਸ਼ਹਿਰ ਦੇ ਬਾਹਰ ਬਾਈਪਾਸ ਰੋਡ 'ਤੇ ਗੁਰਦਾਸਪੁਰ ਪੁਲਿਸ ਵੱਲੋਂ ਨਾਕੇਬੰਦੀ ਤਾਂ ਜ਼ਰੂਰ ਕੀਤੀ ਸੀ ਪਰ ਉੱਥੇ ਜੋ ਦੋ ਪੁਲਿਸ ਮੁਲਾਜ਼ਮ ਤਾਇਨਾਤ ਸਨ, ਉਨ੍ਹਾਂ ਨੂੰ ਇੱਕ ਛੋਟਾ ਹਾਥੀ ਟੈਂਪੂ ਦੇ ਜ਼ਰੂਰੀ ਦਸਤਾਵੇਜ਼ ਜਾਂਚਣ ਤੋਂ ਫੁਰਸਤ ਨਹੀਂ ਸੀ ਮਿਲ ਰਹੀ। ਇਸ ਕਾਰਨ ਵਾਹਨ ਬਿਨਾਂ ਚੈਕਿੰਗ ਦੇ ਆਪਣੀ ਮੰਜ਼ਲ ਵੱਲ ਵਧ ਰਹੇ ਸਨ।

ਗੁਰਦਾਸਪੁਰ ਜ਼ਿਲ੍ਹੇ ਦੇ ਤਾਰਾਗੜ੍ਹ ਨਜ਼ਦੀਕ ਵੀ ਪੁਲਿਸ ਵੱਲੋਂ ਨਾਕਾਬੰਦੀ ਤਾਂ ਕੀਤੀ ਗਈ ਸੀ ਪਰ ਸੁਰੱਖਿਆ ਮੁਲਾਜ਼ਮ ਆਪਣੀਆਂ ਗੱਡੀਆਂ ਵਿੱਚ ਬੈਠੇ ਦਿਖਾਈ ਦਿੱਤੇ। ਅੱਤਵਾਦੀ ਹਮਲਾ ਝੱਲਣ ਵਾਲੇ ਦੀਨਾਨਗਰ ਕਸਬੇ ਦੇ ਬਾਹਰ ਅੰਦਾਜੇ ਦੇ ਉਲਟ ਕਿਸੇ ਕਿਸਮ ਦੇ ਸੁਰੱਖਿਆ ਮੁਲਾਜ਼ਮ ਤਾਇਨਾਤ ਨਹੀਂ ਕੀਤੇ ਗਏ ਸਨ। ਇੱਥੇ ਨਾ ਹੀ ਕੋਈ ਨਾਕਾਬੰਦੀ ਕੀਤੀ ਗਈ ਸੀ ਜਦਕਿ ਦੀਨਾਨਗਰ ਹਮਲੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਇੱਥੇ ਚੌਕਸੀ ਵਧਾਉਣ ਦੇ ਦਾਅਵੇ ਕੀਤੇ ਸਨ।

ਪਠਾਨਕੋਟ ਵੀ ਆਪਣੇ ਏਅਰਬੇਸ ਉੱਤੇ ਪਾਕਿਸਤਾਨ ਸਮਰਥਕ ਅੱਤਵਾਦੀਆਂ ਦਾ ਹਮਲਾ ਝੱਲ ਚੁੱਕਾ ਹੈ ਪਰ ਇੱਥੇ ਵੀ ਕਿਸੇ ਕਿਸਮ ਦੀ ਸੁਰੱਖਿਆ ਤਾਇਨਾਤ ਨਹੀਂ ਕੀਤੀ ਗਈ। ਜਿੰਨੇ ਵੀ ਸ਼ਹਿਰ ਦੇ ਐਂਟਰੀ ਪੁਆਇੰਟ ਸਨ, ਉਨ੍ਹਾਂ 'ਤੇ ਕੋਈ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਸੀ ਤੇ ਟਰੱਕ ਜਾਂ ਬਾਕੀ ਵਾਹਨ ਬੜੀ ਆਸਾਨੀ ਨਾਲ ਮਾਧੋਪੁਰ ਵੱਲ ਵਧ ਰਹੇ ਸਨ। ਇਸ ਮੌਕੇ ਟਰੱਕ ਡਰਾਈਵਰ ਬੇਅੰਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਸਿਰਫ਼ ਨਾਕੇ ਹੀ ਲਾਏ ਜਾਂਦੇ ਹਨ, ਕਿਸੇ ਕਿਸਮ ਦੀ ਜਾਂਚ ਨਹੀਂ ਕੀਤੀ ਜਾਂਦੀ।

ਪੰਜਾਬ ਦੇ ਆਖ਼ਰੀ ਕਸਬੇ ਮਾਧੋਪੁਰ ਵਿੱਚ ਪੰਜਾਬ ਪੁਲਿਸ ਵੱਲੋਂ ਦੋ ਜਗ੍ਹਾ ਬੈਰੀਕੇਟਿੰਗ ਕੀਤੀ ਗਈ ਸੀ ਪਰ ਦੋਹਾਂ ਹੀ ਥਾਵਾਂ 'ਤੇ ਮੁਲਾਜ਼ਮ ਦਿਖਾਈ ਨਹੀਂ ਦਿੱਤੇ। ਮਾਧੋਪੁਰ ਦੇ ਆਖ਼ਰੀ ਚੈੱਕ ਪੋਸਟ 'ਤੇ ਸੀਸੀਟੀਵੀ ਕੈਮਰਿਆਂ ਨਾਲ ਨਿਗਰਾਨੀ ਜ਼ਰੂਰ ਕੀਤੀ ਜਾ ਰਹੀ ਸੀ ਪਰ ਪੰਜਾਬ ਤੋਂ ਜੰਮੂ ਵਿੱਚ ਜਾਣ ਵਾਲੇ ਜਾਂ ਜੰਮੂ ਤੋਂ ਆਉਣ ਵਾਲੇ ਵਾਹਨਾਂ ਦੀ ਕਿਸੇ ਕਿਸਮ ਦੀ ਜਾਂਚ ਨਹੀਂ ਸੀ ਕੀਤੀ ਜਾ ਰਹੀ।

ਇੱਕ ਹੋਰ ਟਰੱਕ ਡਰਾਈਵਰ ਨੇ ਪੁਲਿਸ ਉੱਪਰ ਇਲਜ਼ਾਮ ਲਾਏ ਕਿ ਜਿਨ੍ਹਾਂ ਦੇਸ਼ ਵਿਰੋਧੀ ਅਨਸਰਾਂ ਨੂੰ ਫੜਨਾ ਹੁੰਦਾ ਹੈ, ਉਨ੍ਹਾਂ ਨੂੰ ਪੁਲਿਸ ਫੜਦੀ ਨਹੀਂ ਜਦਕਿ ਸਾਡੇ ਵਰਗੇ ਨਿਰਦੋਸ਼ ਡਰਾਈਵਰਾਂ ਨੂੰ ਬਿਨਾਂ ਵਜ੍ਹਾ ਪੁਲਿਸ ਵੱਲੋਂ ਚੈਕਿੰਗ ਦੇ ਨਾਂ 'ਤੇ ਤੰਗ ਕੀਤਾ ਜਾਂਦਾ ਹੈ। ਪੰਜਾਬ ਦੇ ਸਾਰੇ ਨਾਕਿਆਂ ਤੋਂ ਬਿਨਾਂ ਚੈੱਕ ਹੋਏ ਟਰੱਕ ਆਸਾਨੀ ਨਾਲ ਲਖਨਪੁਰ ਵਿੱਚ ਦਾਖਲ ਹੋ ਰਹੇ ਸਨ। ਇਨ੍ਹਾਂ ਦੀ ਕਿਸੇ ਕਿਸਮ ਦੀ ਜਾਂਚ ਨਹੀਂ ਸੀ ਹੋ ਰਹੀ ਭਾਵੇਂਕਿ ਜੰਮੂ-ਕਸ਼ਮੀਰ ਪੁਲਿਸ ਦੇ ਤੇ ਹੋਰ ਸੁਰੱਖਿਆ ਏਜੰਸੀਆਂ ਦੇ ਮੁਲਾਜ਼ਮ ਇਸ ਜਗ੍ਹਾ 'ਤੇ ਤਾਇਨਾਤ ਸਨ।