ਰਜਨੀਸ਼ ਕੌਰ ਰੰਧਾਵਾ ਦੀ ਰਿਪੋਰਟ
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਜਾਣਕਾਰੀ ਦਿੰਦਿਆਂ ਸੀਐਮ ਮਾਨ ਨੇ ਦੱਸਿਆ ਕਿ ਸਰਕਾਰ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ 20 ਹਜ਼ਾਰ 200 ਕਰੋੜ ਰੁਪਏ ਦੇ ਸਮੁੱਚੇ ਬਕਾਏ ਕਲੀਅਰ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ, ਪੀਐਸਪੀਸੀਐਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਸਰਕਾਰ ਨੇ ਸਾਰੀ ਸਬਸਿਡੀ ਦਾ ਭੁਗਤਾਨ ਕੀਤਾ ਹੈ। ਹੁਣ ਇਸ ਸਾਲ ਗਰਮੀਆਂ ਵਿੱਚ ਬਿਜਲੀ ਸਪਲਾਈ ਠੀਕ ਰਹੇਗੀ, ਕੋਈ ਕੱਟ ਨਹੀਂ ਲੱਗੇਗਾ।
9 ਹਜ਼ਾਰ ਕਰੋੜ ਰੁਪਏ 5 ਕਿਸ਼ਤਾਂ 'ਚ ਦਿੱਤੇ ਜਾਣਗੇ
ਪ੍ਰੈੱਸ ਕਾਨਫਰੰਸ ਦੌਰਾਨ ਸੀਐਮ ਭਗਵੰਤ ਮਾਨ ਦੇ ਨਾਲ ਪੀਐਸਪੀਸੀਐਲ ਦੇ ਸੀਐਮਡੀ ਬਲਦੇਵ ਸਿੰਘ ਸਰਾਂ ਵੀ ਮੌਜੂਦ ਸਨ। ਸੀਐਮ ਮਾਨ ਨੇ ਕਿਹਾ, ਪਹਿਲਾਂ ਸਬਸਿਡੀ ਦੇ ਪੈਸੇ ਪੀਐਸਪੀਸੀਐਲ ਨੂੰ ਨਹੀਂ ਦਿੱਤੇ ਜਾਂਦੇ ਸਨ, ਪਰ ਹੁਣ ਲਗਾਤਾਰ ਦਿੱਤੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ, ਪਿਛਲੇ ਸਾਲਾਂ ਦਾ 9000 ਕਰੋੜ ਰੁਪਏ ਬਕਾਇਆ ਸੀ ਤੇ ਇਸ ਸਾਲ 17000 ਕਰੋੜ ਰੁਪਏ ਸਬਸਿਡੀ ਬਿੱਲ ਦਾ ਸੀ।
ਉਨ੍ਹਾਂ ਕਿਹਾ ਕਿ ਸਰਕਾਰ ਨੇ PSPL ਨੂੰ 20000 ਕਰੋੜ ਰੁਪਏ ਦਿੱਤੇ ਹਨ। ਇਸ ਦੇ ਨਾਲ ਹੀ 9000 ਕਰੋੜ ਰੁਪਏ ਜੋ ਬਕਾਇਆ ਹੈ, ਉਹ ਪੰਜ ਕਿਸ਼ਤਾਂ ਵਿੱਚ ਦਿੱਤਾ ਜਾਵੇਗਾ। ਸੀਐਮ ਮਾਨ ਨੇ ਕਿਹਾ, ਖੇਤੀ ਸੈਕਟਰ ਨੂੰ ਬਿਜਲੀ ਸਬਸਿਡੀ ਲਈ 9063 ਕਰੋੜ ਰੁਪਏ ਦਿੱਤੇ ਗਏ ਹਨ। ਉਕਤ ਘਰੇਲੂ ਖਪਤਕਾਰਾਂ ਨੂੰ 8225 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਦਯੋਗਿਕ ਖੇਤਰ ਨੂੰ 2911 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ।
ਬਿਜਲੀ ਵਿਭਾਗ 'ਚ ਦਿੱਤੀਆਂ ਗਈਆਂ 3538 ਨਵੀਆਂ ਨੌਕਰੀਆਂ
ਪ੍ਰੈੱਸ ਕਾਨਫਰੰਸ ਦੌਰਾਨ ਸੀਐਮ ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਬਿਜਲੀ ਵਿਭਾਗ ਵਿੱਚ 3538 ਨਵੀਆਂ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ, ਪੰਜਾਬ ਦੇ ਘਰੇਲੂ ਖਪਤਕਾਰਾਂ ਨੂੰ ਦਿੱਤੀ ਜਾ ਰਹੀ ਮੁਫਤ ਬਿਜਲੀ ਦੀ ਸਕੀਮ ਅਜੇ ਵੀ ਜਾਰੀ ਰਹੇਗੀ। ਸਬਸਿਡੀ ਦੇ ਪੈਸੇ ਪੀਐਸਪੀਸੀਐਲ ਨੂੰ ਦੇ ਦਿੱਤੇ ਗਏ ਹਨ, ਇਸ ਲਈ ਹੁਣ ਗਰਮੀਆਂ ਵਿੱਚ ਬਿਜਲੀ ਦੀ ਕੋਈ ਸਮੱਸਿਆ ਨਹੀਂ ਆਵੇਗੀ। ਇਹੀ ਨਹੀਂ ਸੀ.ਐਮ ਮਾਨ ਨੇ ਦੱਸਿਆ ਕਿ ਇਸ ਸਾਲ ਮਾਲੀਏ ਵਿੱਚ ਭਾਰੀ ਵਾਧਾ ਹੋਇਆ ਹੈ। ਜੀਐਸਟੀ ਕੁਲੈਕਸ਼ਨ ਵਿੱਚ ਕਰੀਬ 16.6 ਫੀਸਦੀ ਦਾ ਵਾਧਾ ਹੋਇਆ ਹੈ।