ਚੰਡੀਗੜ੍ਹ: ਪੰਜਾਬ ਸਰਕਾਰ ਮੁਫਤ ਬਿਜਲੀ ਦਾ ਅਨੰਦ ਮਾਣ ਰਹੇ ਕੁਝ ਖਪਤਕਾਰਾਂ ਨੂੰ ਝਟਕਾ ਦੇਣ ਜਾ ਰਹੀ ਹੈ। ਜਿਹੜੇ ਲੋਕ ਆਮਦਨ ਕਰ ਅਦਾ ਕਰਦੇ ਹਨ, ਉਨ੍ਹਾਂ ਨੂੰ ਹੁਣ ਮੁਫ਼ਤ ਬਿਜਲੀ ਦੀ ਸਬਸਿਡੀ ਨਹੀਂ ਮਿਲੇਗੀ। ਸੂਤਰਾਂ ਦਾ ਕਹਿਣਾ ਹੈ ਕਿ ਆਮਦਨ ਕਰ ਦੀ ਸ਼ਰਤ ਨਾਲ ਵੱਡੀ ਗਿਣਤੀ ਸਬੰਧਤ ਕੈਟਾਗਿਰੀ ਦੇ ਖਪਤਕਾਰ ਬਿਜਲੀ ਦੀ ਛੋਟ ਦੀ ਸਹੂਲਤ ਤੋਂ ਵਾਂਝੇ ਹੋ ਜਾਣਗੇ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਲਏ ਗਏ ਅਹਿਮ ਫੈਸਲੇ ’ਚ ਪੀਐਸਪੀਸੀਐਲ (ਪਾਵਰਕੌਮ) ਉਨ੍ਹਾਂ ਐਸਸੀ, ਨਾਨ ਐਸਸੀ ਬੀਪੀਐਲ ਤੇ ਬੀਸੀ ਕੈਟਾਗਰੀ ਦੇ ਘਰੇਲੂ ਖਪਤਕਾਰਾਂ ਨੂੰ ਹੁਣ ਮੁਫ਼ਤ ਬਿਜਲੀ ਦੀ ਸਬਸਿਡੀ ਨਹੀਂ ਦੇਵੇਗਾ ਜਿਹੜੇ ਖਪਤਕਾਰ ਆਮਦਨ ਕਰ ਅਦਾ ਕਰਦੇ ਹੋਣਗੇ। ਅਜਿਹੀ ਸਹੂਲਤ ਲਈ ਖਪਤਕਾਰਾਂ ਨੂੰ ਆਮਦਨ ਕਰ ਸਬੰਧੀ ਸਵੈ ਘੋਸ਼ਣਾ ਪੱਤਰ ਦੇਣਾ ਜ਼ਰੂਰੀ ਕਰਾਰ ਦਿੱਤਾ ਗਿਆ ਹੈ।
ਪਾਵਰਕੌਮ ਦੇ ਸੂਤਰਾਂ ਮੁਤਾਬਕ ਇਹ ਫੈਸਲਾ ਪੰਜਾਬ ਮੰਤਰੀ ਮੰਡਲ ਦੀ 29 ਜਨਵਰੀ ਨੂੰ ਹੋਈ ਬੈਠਕ ਵਿੱਚ ਲਿਆ ਗਿਆ ਸੀ। ਇਸ ਨੂੰ ਹੁਣ ਲਾਗੂ ਕੀਤਾ ਜਾ ਰਿਹਾ ਹੈ। ਉਂਜ ਇਸ ਫੈਸਲੇ ਤਹਿਤ ਜਿਨ੍ਹਾਂ ਖਪਤਕਾਰਾਂ ਦਾ ਮਨਜ਼ੂਰਸ਼ੁਦਾ ਲੋਡ 1 ਕਿਲੋਵਾਟ ਤੱਕ ਹੈ ਤੇ ਸਾਲਾਨਾ ਬਿਜਲੀ ਦੀ ਖਪਤ ਭਾਵੇਂ ਤਿੰਨ ਹਜ਼ਾਰ ਯੂਨਿਟਾਂ ਤੋਂ ਵੀ ਵੱਧ ਹੈ, ਨੂੰ ਵੀ 200 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਮਿਲੇਗੀ।