ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਤਸਵੀਰਾਂ ਲੈਣ 'ਤੇ ਬੈਨ ਲਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਲਏ ਗਏ ਫੈਸਲੇ ਮੁਤਾਬਕ ਸੰਗਤਾਂ ਨੂੰ ਦਰਬਾਰ ਸਾਹਿਬ ਦੇ ਚੌਗਿਰਦੇ ਤੇ ਪਰਿਕਰਮਾ ਦੇ ਆਲੇ-ਦੁਆਲੇ ਤਸਵੀਰ ਲੈਣ ਦੀ ਮਨਾਹੀ ਹੋਵੇਗੀ। ਐਸਜੀਪੀਸੀ ਵੱਲੋਂ ਇਸ ਲਈ ਬਕਾਇਦਾ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਦੇ ਬੋਰਡ ਲਾਏ ਗਏ ਹਨ।
'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਇਹ ਮਰਿਆਦਾ ਦਾ ਸਥਾਨ ਹੈ ਤੇ ਰੂਹਾਨੀਅਤ ਦਾ ਕੇਂਦਰ ਹੈ। ਇਸ ਕਰਕੇ ਇੱਥੇ ਲੋਕ ਸ਼ਰਧਾ ਨਾਲ ਨਤਮਸਤਕ ਹੋਣ ਆਉਂਦੇ ਹਨ ਨਾ ਕਿ ਇਹ ਪਿਕਨਿਕ ਸਪਾਟ ਹੈ। ਉਨ੍ਹਾਂ ਨੇ ਉਮੀਦ ਕੀਤੀ ਕਿ ਲੋਕ ਉਨ੍ਹਾਂ ਨੂੰ ਸਹਿਯੋਗ ਕਰਨਗੇ।
ਸ਼੍ਰੋਮਣੀ ਕਮੇਟੀ ਨੇ ਨਾਲ ਹੀ ਕਿਹਾ ਕਿ ਮੀਡੀਆ ਲਈ ਬਕਾਇਦਾ ਦੋ ਪੁਆਇੰਟ ਰੱਖੇ ਗਏ ਹਨ ਜਿੱਥੋਂ ਵੀਆਈਪੀ ਮੂਵਮੈਂਟ ਦੌਰਾਨ ਕਵਰੇਜ਼ ਕਰਵਾਈ ਜਾ ਸਕੇ। ਇਸ ਤੋਂ ਇਲਾਵਾ ਜੇਕਰ ਕਿਸੇ ਨੇ ਡਾਕੂਮੈਂਟਰੀ ਜਾਂ ਕੋਈ ਹੋਰ ਫਿਲਮ ਬਣਾਉਣੀ ਹੈ ਤਾਂ ਉਸ ਦੀ ਬਕਾਇਦਾ ਸ਼੍ਰੋਮਣੀ ਕਮੇਟੀ ਇਜਾਜ਼ਤ ਦੇਵੇਗੀ। ਇਜਾਜ਼ਤ ਨਾਲ ਹੀ ਅੰਦਰੋਂ ਕਿਸੇ ਕਿਸਮ ਦੀ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਹੋ ਸਕੇਗੀ।
ਹਾਲਾਂਕਿ ਇਸ ਮਾਮਲੇ 'ਤੇ ਸੰਗਤ ਨੇ ਰਲੀ-ਮਿਲੀ ਪ੍ਰਤੀਕਿਰਿਆ ਜ਼ਰੂਰ ਦਿਖਾਈ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਬਿਲਕੁੱਲ ਸਹੀ ਹੈ ਤੇ ਇਸ ਲਈ ਬਕਾਇਦਾ ਸੰਗਤ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ। ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਇਸ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਦੂਰ-ਦੁਰਾਡੇ ਤੋਂ ਆਉਂਦੇ ਹਨ। ਅਜਿਹਾ ਮੌਕਾ ਜ਼ਿੰਦਗੀ ਵਿੱਚ ਕੁਝ ਲੋਕਾਂ ਨੂੰ ਕਦੇ-ਕਦੇ ਨਸੀਬ ਹੁੰਦਾ ਹੈ। ਹਰ ਕੋਈ ਇਸ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕਰਨਾ ਚਾਹੁੰਦਾ ਹੈ ਕਿਉਂਕਿ ਇਹ ਯਾਦਗਾਰੀ ਪਲ ਹੁੰਦੇ ਹਨ।