ਚੰਡੀਗੜ੍ਹ: ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ, ਦਿਨਕਰ ਗੁਪਤਾ ਨੇ ਹੁਣ ਆਪਣੀ ਸ੍ਰੀ ਕਰਤਾਰਪੁਰ ਸਾਹਿਬ ਤੇ ਕੀਤੀ ਟਿੱਪਣੀ 'ਤੇ ਸਦਮਾ ਅਤੇ ਰੋਸ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੇ ਬਿਆਨ ਨੂੰ ਗਲਤ ਸਮਝਿਆ ਜਾ ਰਿਹਾ ਹੈ ਜਾਂ ਜਾਣ ਬੁੱਝ ਕੇ ਗ਼ਲਤ ਤਰੀਕੇ ਨਾਲ ਲਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਮੇਰੇ ਬਿਆਨਾਂ ਨੂੰ ਧਾਰਮਿਕ ਪੱਖ ਵਲੋਂ ਨਾ ਲਿਆ ਜਾਵੇ।


ਦਰਅਸਲ, ਡੀਜੀਪੀ ਦਿਨਕਰ ਗੁਪਤਾ ਨੇ ਇੱਕ ਅੰਗਰੇਜ਼ੀ ਅਖ਼ਬਾਰ ਦੇ ਸਮਾਗਮ ਦੌਰਾਨ ਵਿਵਾਦਤ ਟਿੱਪਣੀ ਕੀਤੀ। ਜਿਸ ਤੋਂ ਬਾਅਦ ਪੰਜਾਬ 'ਚ ਸਿਆਸੀ ਮਾਹੌਲ ਗਰਮਾ ਗਿਆ। ਗੁਪਤਾ ਨੇ ਕਿਹਾ ਕਿ, "ਕਰਤਾਰਪੁਰ ਵਿੱਚ ਇੱਕ ਸੰਭਾਵਨਾ ਹੈ ਕਿ ਸਵੇਰੇ ਉੱਥੇ ਜਾਣ ਵਾਲਾ ਵਿਅਕਤੀ ਸ਼ਾਮ ਨੂੰ ਸਿਖਲਾਈ ਲੈ ਕੇ ਅੱਤਵਾਦੀ ਬਣ ਕੇ ਵਾਪਸ ਆ ਸਕਦਾ ਹੈ। ਤੁਸੀਂ ਉੱਥੇ 6 ਘੰਟੇ ਲਈ ਜਾਂਦੇ ਹੋ। ਤੁਹਾਨੂੰ ਫਾਇਰਿੰਗ ਰੇਂਜ ਲੈ ਜਾਕੇ ਆਈਈਡੀ ਬਣਾਉਣਾ ਸਿਖਾਇਆ ਜਾ ਸਕਦਾ ਹੈ।"


ਗੁਪਤਾ ਨੇ ਕਿਹਾ ਕਿ ਉਸ ਰਾਜ ਦਾ ਡੀਜੀਪੀ ਹੋਣ ਦੇ ਨਾਤੇ, ਜਿੱਥੇ ਹਿੰਸਕ ਅੱਤਵਾਦ ਵਿਰੁੱਧ ਨਿਰੰਤਰ ਲੜਾਈ ਦਾ ਸਾਹਮਣਾ ਕਰਨਾ ਪੈਂਦਾ ਹੈ।ਜਿੱਥੇ ਸਰਹੱਦ ਪਾਰੋਂ ਫੰਡਿੰਗ ਅਤੇ ਸਹਾਇਤਾ ਪ੍ਰਾਪਤ ਕੀਤੀ ਜਾ ਰਹੀ ਹੈ। ਉਹ ਰਾਜ ਚੌਕਸ ਰਹਿਣ ਦੀ ਜ਼ਰੂਰਤ 'ਤੇ ਜ਼ਿਆਦਾ ਜ਼ੋਰ ਨਹੀਂ ਦੇ ਸਕਦਾ?

ਉਨ੍ਹਾਂ ਕਿਹਾ, 'ਮੈਂ ਸਿਰਫ ਭਾਰਤ ਪ੍ਰਤੀ ਦੁਸ਼ਮਣੀ ਰੱਖਣ ਵਾਲੇ ਅਨਸਰਾਂ ਅਤੇ ਹਰ ਮੌਕੇ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਪ੍ਰਤੀ ਲਾਲ ਝੰਡੀ ਚੁੱਕੀ ਸੀ। ਇਹ ਲੋਕ ਕਿਸੇ ਵੀ ਮੌਕੇ ਨੂੰ ਨਹੀਂ ਛੱਡਦੇ ਇੱਥੋਂ ਤੱਕ ਕਿ ਸਭ ਤੋਂ ਪਵਿੱਤਰ ਮੌਕੇ ਨੂੰ ਵੀ ਨਹੀਂ, ਤਾਂ ਕਿ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕੀਤਾ ਜਾ ਸਕੇ।'


ਗੁਪਤਾ ਨੇ ਕਿਹਾ ਕਿ, ਉਸਦੀਆਂ ਟਿੱਪਣੀਆਂ ਵਿੱਚ ਕਿਸੇ ਧਰਮ ਜਾਂ ਫਿਰਕੇ ਦਾ ਬਿਲਕੁਲ ਸੰਕੇਤ ਨਹੀਂ ਸੀ। ਪਰ ਇਹ ਸੀ ਕਿ ਦੁਸ਼ਮਣ ਗੁਆਂਢ ਵਿੱਚ ਸਥਿਤ ਕੁਝ ਦੇਸ਼-ਵਿਰੋਧੀ ਤੱਤ ਇਸ ਅਵਸਰ ਦੀ ਦੁਰਵਰਤੋਂ ਅਤੇ ਸ਼ੋਸ਼ਣ ਕਰ ਸਕਦੇ ਹਨ ਅਤੇ ਇਸ ਲਈ, “ਸਾਨੂੰ” ਰਾਜ ਦੇ ਲੋਕਾਂ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਅਜਿਹੇ ਸੰਭਾਵਿਤ ਖ਼ਤਰਿਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਦੇ ਡੀਜੀਪੀ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਅੱਤਵਾਦ ਨਾਲ ਜੋੜਨ ਦੀ ਸ਼ਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ।


ਦਿਨਕਰ ਦੇ ਇਸ ਬਿਆਨ ਤੋਂ ਬਾਅਦ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਨੇ ਵੀ ਬਿਆਨ ਦੀ ਨਿੰਦਾ ਕੀਤੀ ਹੈ। ਉਨ੍ਹਾ ਕਿਹਾ ਕਿ ਕਿੰਨੇ ਹੀ ਸ਼ਰਧਾਲੂ ਕਰਤਾਰਪੁਰ ਸਾਹਿਬ ਦਰਸ਼ਨ ਕਰ ਚੁੱਕੇ ਹਨ ਪਰ ਕੌਣ ਅੱਤਵਾਦੀ ਬਣਿਆ ਹੈ?