ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੋਈ ਵੀ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ। ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਸਿਰਫ ਸਿੱਖ ਫਾਰ ਜਸਟਿਸ (ਐਸਐਫਜੇ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਵਰਗੇ ਲੋਕ ਕਰਦੇ ਹਨ। ਕੈਪਟਨ ਨੇ ਕਿਹਾ ਕਿ ਹਰ ਸਿੱਖ ਦੇਸ਼ ਨਾਲ ਡਟ ਕੇ ਖੜ੍ਹਾ ਹੈ।


ਦਰਅਸਲ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਪੱਤਰਕਾਰ ਨੇ ਕੈਪਟਨ ਦਾ ਧਿਆਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਾਲਿਸਤਾਨ ਬਾਰੇ ਬਿਆਨ ਵੱਲ ਦਿਵਾਇਆ ਤਾਂ ਉਨ੍ਹਾਂ ਨੇ ਜਥੇਦਾਰ ਬਾਰੇ ਕੋਈ ਵੀ ਟਿੱਪਣੀ ਤੋਂ ਟਾਲਾ ਵੱਟਦਿਆਂ ਕਿਹਾ ਕਿ ਕੋਈ ਵੀ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ।

ਉਨ੍ਹਾਂ ਕਿਹਾ ਕਿ ਹਰ ਸਿੱਖ ਦੇਸ਼ ਦੇ ਨਾਲ ਖੜ੍ਹਾ ਹੈ। ਸਾਡੇ ਸਿੱਖ ਭਰਾ ਦੇਸ਼ ਦੀ ਰੱਖਿਆ ਲਈ ਸ਼ਹਾਦਤ ਦੇ ਰਹੇ ਹਨ। ਕੋਈ ਵੀ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ। ਸਿਰਫ ਪੰਨੂੰ ਵਰਗੇ ਲੋਕ ਇਹ ਚਾਹੁੰਦੇ ਹਨ। ਪੰਨੂੰ ਹੁਣ ਸਿੱਧੇ ਅੱਤਵਾਦ ਵਿੱਚ ਸ਼ਾਮਲ ਹੋ ਗਿਆ ਹੈ।

ਇੱਕ ਸਵਾਲ ਦੇ ਜਵਾਬ ਵਿੱਚ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ, ਕੈਪਟਨ ਨੇ ਕਿਹਾ ਕਿ ਕੋਰੋਨਾ ਦੀ ਲਾਗ ਪਾਕਿਸਤਾਨ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ। ਜੇ ਸਰੀਰਕ ਦੂਰੀਆਂ ਦਾ ਧਿਆਨ ਰੱਖਿਆ ਜਾਵੇ ਤਾਂ ਪੰਜਾਬ ਸਰਕਾਰ ਇਸ ਨੂੰ ਖੋਲ੍ਹਣ ਲਈ ਸਹਿਮਤ ਹੈ। ਹਾਲਾਂਕਿ ਇਸ ਬਾਰੇ ਫੈਸਲਾ ਕੇਂਦਰ ਸਰਕਾਰ ਨੂੰ ਲੈਣਾ ਪਏਗਾ।