ਅੰਮ੍ਰਿਤਸਰ: ਸੰਗਰੂਰ ਦੇ ਲੌਂਗੋਵਾਲ ਵਿੱਚ ਬੀਤੇ ਦਿਨੀਂ ਇੱਕ ਸਕੂਲੀ ਵੈਨ ਨੂੰ ਲੱਗੀ ਅੱਗ ਤੋਂ ਬਾਅਦ ਵੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹਾਲੇ ਵੀ ਚੌਕਸ ਨਹੀਂ ਹੋਈ। ਇਸ ਹਾਦਸੇ ਨੂੰ ਇੱਕ ਆਮ ਹਾਦਸਾ ਮੰਨਦੇ ਹੋਏ ਕਿਸੇ ਤਰ੍ਹਾਂ ਦੇ ਅਜਿਹੇ ਢੁਕਵੇਂ ਕਦਮ ਨਹੀਂ ਚੁੱਕੇ ਜਾ ਰਹੇ ਜਿਸ ਨਾਲ ਭਵਿੱਖ ਵਿੱਚ ਅਜਿਹਾ ਹਾਦਸਾ ਨਾ ਵਾਪਰੇ ਅਤੇ ਪੰਜਾਬ ਸਰਕਾਰ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਢੁਕਵੇਂ ਕਦਮ ਚੁੱਕਣ ਦੇ ਦਾਅਵੇ ਕੀਤੇ ਜਾ ਰਹੇ ਹਨ ਉਹ ਸਿਰਫ਼ ਅਖ਼ਬਾਰੀ ਬਿਆਨਬਾਜ਼ੀ ਅਤੇ ਸੋਸ਼ਲ ਮੀਡੀਆ ਤੱਕ ਹੀ ਸੀਮਿਤ ਹਨ।
ਇਸਦੀ ਤਾਜ਼ਾ ਮਿਸਾਲ ਅੰਮ੍ਰਿਤਸਰ ਦੇ ਵਿੱਚ ਸੋਮਵਾਰ ਦੀ ਸਵੇਰ ਨੂੰ ਦੇਖਣ ਨੂੰ ਮਿਲੀ ਜਦੋਂ ਸੜਕਾਂ ਦੇ ਉੱਪਰ ਨੱਕੋ ਨੱਕ ਭਰੇ ਸਕੂਲੀ ਵਾਹਨ ਵੱਖ ਵੱਖ ਸਕੂਲਾਂ ਲਈ ਸੜਕਾਂ ਤੋਂ ਲੰਘਦੇ ਹਨ। ਸਕੂਲੀ ਬੱਸਾਂ ਤਾਂ ਕਿਸੇ ਹੱਦ ਤੱਕ ਠੀਕ ਹਨ ਪਰ ਛੋਟੇ ਹਾਥੀ ਜਿਨ੍ਹਾਂ ਨੂੰ ਵੈਨ ਦਾ ਰੂਪ ਦਿੱਤਾ ਗਿਆ ਹੈ ਜਾਂ ਥ੍ਰੀ ਵੀਲਰ ਅਜਿਹੇ ਹਨ ਜਿਨ੍ਹਾਂ ਵਿੱਚ ਛੋਟੇ ਛੋਟੇ ਮਾਸੂਮ ਬੱਚੇ ਧੱਕੇ ਨਾਲ ਬੈਠਾਏ ਗਏ ਹਨ। ਇਹ ਛੋਟੇ ਹਾਥੀ ਅਤੇ ਥ੍ਰੀ ਵੀਲਰ ਨੱਕੋ ਨੱਕ ਭਰੇ ਹੋਏ ਹਨ ਅਜਿਹੇ ਛੋਟੇ ਹਾਥੀ ਵੀ ਦਿਖਾਈ ਦਿੱਤੇ ਜਿੰਨ੍ਹਾਂ ਦੀ ਆਮ ਤੌਰ ਤੇ ਕਪੈਸਿਟੀ ਅੱਠ ਤੋਂ ਦਸ ਵਿਦਿਆਰਥੀ ਬਿਠਾਉਂਦੀ ਹੈ। ਉਨ੍ਹਾਂ ਵਿੱਚ ਵੀ ਵੀਹ ਤੋਂ ਬਾਈ ਬੱਚੇ ਚਾਰੇ ਪਾਸੇ ਬੈਠੇ ਦਿਖਾਈ ਦਿੱਤੇ। ਇਸ ਬਾਰੇ ਜਦੋਂ ਇਨ੍ਹਾਂ ਆਟੋ ਚਾਲਕਾਂ ਦੇ ਡਰਾਈਵਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਰੋਜ਼ੀ ਰੋਟੀ ਚਲਾਉਣ ਦੀ ਗੱਲ ਤਾਂ ਕਹੀ ਪਰ ਨਾਲ ਹੀ ਇਸ ਗੱਲ ਨੂੰ ਨਹੀਂ ਸਵੀਕਾਰ ਕੀਤਾ ਕਿ ਇਨ੍ਹਾਂ ਵਿੱਚ ਓਵਰ ਲੋਡਿੰਗ ਹੁੰਦੀ ਹੈ।
ਕੁਝ ਡਰਾਈਵਰ ਗੱਲ ਕਰਨ ਲਈ ਤਿਆਰ ਨਹੀਂ ਹੋਏ ਅਤੇ ਦੌੜਦੇ ਦਿਖਾਈ ਦਿੱਤੇ ਅਤੇ ਕੁਝ ਨੇ ਕਿਹਾ ਕਿ ਉਨ੍ਹਾਂ ਨੇ ਸੁਰੱਖਿਆ ਦੇ ਸਾਰੇ ਪਹਿਲੂ ਧਿਆਨ ਹਿੱਤ ਰੱਖੇ ਹਨ।
ਹਾਲਾਂਕਿ, ਇਹ ਜ਼ਿੰਮੇਵਾਰੀ ਸਿਰਫ਼ ਪ੍ਰਸ਼ਾਸਨ ਜਾਂ ਇਨ੍ਹਾਂ ਸਕੂਲੀ ਵਾਹਨਾਂ ਦੇ ਡਰਾਈਵਰਾਂ ਦੀ ਨਹੀਂ ਸਗੋਂ ਮਾਪਿਆਂ ਦੀ ਵੀ ਹੈ ਕਿ ਉਹ ਛੋਟੇ ਵਾਹਨਾਂ ਦੇ ਵਿੱਚ ਸਿਰਫ ਪੈਸਿਆਂ ਦੀ ਖਾਤਰ ਆਪਣੇ ਬੱਚਿਆਂ ਨੂੰ ਨਾ ਬਠਾਉਣ। ਸਗੋਂ ਇਸ ਦੀ ਗੰਭੀਰਤਾ ਨੂੰ ਸਮਝਣ, ਕੁਝ ਮਾਪਿਆਂ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਸੁਰੱਖਿਆ ਦੇ ਸਾਰੇ ਪਹਿਲੂਆਂ ਨੂੰ ਹੀ ਧਿਆਨ 'ਚ ਰੱਖ ਕੇ ਆਪਣੇ ਬੱਚੇ ਸਕੂਲ ਭੇਜਦੇ ਹਨ।