Arvind Kejriwal: ਅਰਵਿੰਦ ਕੇਜਰੀਵਾਲ ਤੋਂ ਵਾਪਸ ਲਈ ਪੰਜਾਬ ਪੁਲਿਸ ਦੀ ਸੁਰੱਖਿਆ ਨੂੰ ਲੈ ਕੇ ਸਿਆਸੀ ਰੱਫੜ ਵਧ ਗਿਆ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਦੋਸ਼ ਲਾ ਰਹੀ ਹੈ ਕਿ ਦਿੱਲੀ ਵਿੱਚ ਇੱਕ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਇਹ ਸਾਜ਼ਿਸ਼ ਕੇਜਰੀਵਾਲ ਨੂੰ ਮਾਰਨ ਲਈ ਰਚੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਉੱਤੇ ਹਮਲਾ ਹੋ ਸਕਦਾ ਹੈ ਇਸ ਲਈ ਪੰਜਾਬ ਪੁਲਿਸ ਦੀ ਸੁਰੱਖਿਆ ਦਿੱਤੀ ਗਈ ਹੈ।
ਭਗਵੰਤ ਮਾਨ ਨੇ ਕਿਹਾ ਕਿ ਜਦੋਂ ਵੀ ਕੇਜਰੀਵਾਲ ਕਿਸੇ ਜਨਤਕ ਮੀਟਿੰਗ ਵਿੱਚ ਜਾਂਦੇ ਹਨ, ਤਾਂ ਕਈ ਵਾਰ ਉਨ੍ਹਾਂ 'ਤੇ ਤਰਲ ਪਦਾਰਥ ਸੁੱਟੇ ਜਾਂਦੇ ਹਨ ਤੇ ਕਈ ਵਾਰ ਪੱਥਰ ਸੁੱਟੇ ਜਾਂਦੇ ਹਨ। ਜੇ ਅਸੀਂ ਹਮਲਾਵਰਾਂ ਦੇ ਨਾਂਅ ਦੱਸਦੇ ਹਾਂ ਤਾਂ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਨੂੰ ਵੀ ਲਿਖਿਆ ਹੈ ਕਿ ਕੇਜਰੀਵਾਲ 'ਤੇ ਹਮਲਾ ਹੋ ਸਕਦਾ ਹੈ, ਫਿਰ ਵੀ ਪੰਜਾਬ ਪੁਲਿਸ ਦੀ ਸੁਰੱਖਿਆ ਹਟਾਉਣ ਦਾ ਹੁਕਮ ਦਿੱਤਾ ਗਿਆ ਸੀ।
ਮਾਨ ਨੇ ਕਿਹਾ ਕਿ 26 ਜਨਵਰੀ ਨੂੰ ਧਿਆਨ ਵਿੱਚ ਰੱਖਦੇ ਹੋਏ 15 ਜਨਵਰੀ ਵਾਲੀ ਧਮਕੀ ਤੋਂ ਬਾਅਦ ਅਸੀਂ ਦਿੱਲੀ ਪੁਲਿਸ ਨਾਲ ਲਗਾਤਾਰ ਇੱਨਪੁੱਟ ਸਾਝਾਂ ਕਰ ਰਹੇ ਹਾਂ, ਫਿਰ ਵੀ ਅਰਵਿੰਦ ਕੇਜਰੀਵਾਲ ਜੀ ਦੀ ਸੁਰੱਖਿਆ 'ਚੋਂ ਪੰਜਾਬ ਪੁਲਿਸ ਨੂੰ ਹਟਾਉਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ।
ਅਸੀਂ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਕਿ ਸਾਡੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਪੰਜਾਬ ਪੁਲਿਸ ਦੀ ਸੁਰੱਖਿਆ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ। ਸਾਨੂੰ ਦਿੱਲੀ ਪੁਲਿਸ 'ਤੇ ਵਿਸ਼ਵਾਸ਼ ਨਹੀਂ ਹੈ, ਕਿਉਂਕਿ ਸਾਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਣ ਲਈ ਲਗਾਤਾਰ ਧਮਕਾਇਆ ਜਾ ਰਿਹਾ ਤੇ ਅਮਿਤ ਸ਼ਾਹ ਜੀ ਦੇ ਅਧੀਨ ਆਉਂਦੀ ਦਿੱਲੀ ਪੁਲਿਸ ਮੂਕਦਰਸ਼ਕ ਬਣ ਕੇ ਦੇਖਦੀ ਰਹਿੰਦੀ ਹੈ।
ਚੋਣ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਜੀ 'ਤੇ ਹੋ ਰਹੇ ਹਮਲਿਆਂ ਤੋਂ ਬਾਅਦ ਸਾਡੇ ਕੋਲ ਵੀ ਇੱਨਪੁੱਟ ਸੀ, ਜਿਸ ਤੋਂ ਬਾਅਦ ਅਸੀਂ ਕੇਜਰੀਵਾਲ ਜੀ ਨੂੰ ਸੁਰੱਖਿਆ ਦਿੱਤੀ। ਪੰਜਾਬ ਪੁਲਿਸ ਨੇ ਕਈ ਹਮਲੇ ਨਾਕਾਮ ਕੀਤੇ, ਜਿਸ ਤੋਂ ਬਾਅਦ ਇੱਕ ਸਾਜ਼ਿਸ਼ ਤਹਿਤ ਕੇਜਰੀਵਾਲ ਜੀ ਦੀ ਸੁਰੱਖਿਆ 'ਚੋਂ ਪੰਜਾਬ ਪੁਲਿਸ ਨੂੰ ਹਟਾ ਦਿੱਤਾ ਗਿਆ।
ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਹੈ ਇੱਥੇ ਹਰ ਇੱਕ ਸੂਬੇ ਦੇ ਲੋਕ ਆਉਂਦੇ-ਜਾਂਦੇ ਹਨ ਪਰ ਬੀਜੇਪੀ ਨੂੰ ਸਿਰਫ਼ ਪੰਜਾਬ ਤੋਂ ਦਿੱਕਤ ਹੈ। ਬੀਜੇਪੀ ਵਾਲਿਆਂ ਨੂੰ ਐਨੀ ਨਫ਼ਰਤ ਪੰਜਾਬ ਨਾਲ ਕਿਉਂ ਹੈ? ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਉਨ੍ਹਾਂ ਦਾ ਅਪਮਾਨ ਕਰਨਾ ਹੈ।
ਓਧਰ ਦੂਜੇ ਪਾਸੇ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਇਸ ਸਾਜ਼ਿਸ਼ ਵਿੱਚ ਦੋ ਖਿਡਾਰੀ ਹਨ, ਇੱਕ ਭਾਜਪਾ ਵਰਕਰ ਹੈ ਅਤੇ ਦੂਜਾ ਦਿੱਲੀ ਪੁਲਿਸ ਹੈ ਜੋ ਭਾਰਤੀ ਜਨਤਾ ਪਾਰਟੀ ਦੇ ਅਧੀਨ ਆਉਂਦੀ ਹੈ, ਦੋਵੇਂ ਹੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵਾਰ-ਵਾਰ ਭਾਜਪਾ, ਪੁਲਿਸ ਤੇ ਸਿਸਟਮ ਦੀ ਮਦਦ ਨਾਲ ਕੇਜਰੀਵਾਲ ਨੂੰ ਮਾਰਨ ਦੀ ਕੋਸ਼ਿਸ਼ ਕਰਦੀ ਹੈ। ਇਸੇ ਲਈ ਪੰਜਾਬ ਪੁਲਿਸ ਉਸਨੂੰ ਸੁਰੱਖਿਆ ਪ੍ਰਦਾਨ ਕਰ ਰਹੀ ਸੀ। ਆਤਿਸ਼ੀ ਨੇ ਕਿਹਾ ਕਿ ਭਾਜਪਾ ਵੱਲੋਂ ਕੇਜਰੀਵਾਲ 'ਤੇ ਵਰਤੇ ਜਾਣ ਵਾਲੇ ਪੱਥਰ ਅਤੇ ਡੰਡੇ ਆਪ ਦੀਆਂ ਵੋਟਾਂ ਨੂੰ ਵਧਾਉਂਦੇ ਹਨ। ਮੈਂ ਚੋਣ ਕਮਿਸ਼ਨ ਨੂੰ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ 'ਤੇ ਹੋਏ ਹਮਲੇ ਦੀ ਜਾਂਚ ਹੋਣੀ ਚਾਹੀਦੀ ਹੈ।