ਅਗਲੀ ਫ਼ਸਲ ਬੀਜਣ ਨੂੰ ਆਈ ਪਰ ਪਿਛਲੀ ਦੀ ਨਹੀਂ ਹੋਈ ਚੁਕਾਈ
ਏਬੀਪੀ ਸਾਂਝਾ | 27 May 2018 05:06 PM (IST)
ਪਠਾਨਕੋਟ: ਇੱਥੋਂ ਦੀ ਬਮਿਆਲ ਮੰਡੀ 'ਚ ਖਰੀਦ ਤੋਂ ਬਾਅਦ ਵੀ ਕਣਕ ਦੀ ਫ਼ਸਲ ਦੀ ਬਰਬਾਦੀ ਹੋ ਰਹੀ ਹੈ। ਪਨਸਪ ਵੱਲੋਂ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਕਣਕ ਦੀ ਖਰੀਦ ਕੀਤਿਆਂ ਪਰ ਬੋਰੀਆਂ 'ਚ ਭਰੀ ਕਣਕ ਨੂੰ ਅਜੇ ਤੱਕ ਮੰਡੀਆਂ 'ਚੋਂ ਗੁਦਾਮਾਂ 'ਚ ਨਹੀਂ ਪਹੁੰਚਾਇਆ ਗਿਆ। ਇਸ ਕਾਰਨ ਜਿਥੇ ਇਕ ਪਾਸੇ ਆੜ੍ਹਤੀ ਪਰੇਸ਼ਾਨ ਹਨ ਉੱਥੇ ਹੀ ਮਜ਼ਦੂਰਾਂ ਲਈ ਰੋਜ਼ੀ ਰੋਟੀ ਮੁਸ਼ਕਿਲ ਹੋਈ ਪਈ ਹੈ। ਕਿਉਂ ਕਿ ਜਿੰਨ੍ਹਾਂ ਚਿਰ ਕਣਕ ਦੀ ਚੁਕਾਈ ਨਹੀਂ ਹੁੰਦੀ ਓਨਾ ਚਿਰ ਇਨ੍ਹਾਂ ਨੂੰ ਅਦਾਇਗੀ ਵੀ ਨਹੀਂ ਹੋਵੇਗੀ। ਆੜ੍ਹਤੀਆਂ ਮੁਤਾਬਕ ਲਗਪਗ 70,000 ਤੋਂ ਜ਼ਿਆਦਾ ਕਣਕ ਦੀਆਂ ਬੋਰੀਆਂ ਅਜੇ ਮੰਡੀ ਵਿੱਚ ਹੀ ਪਈਆਂ ਹਨ। ਉੱਧਰ ਪਰੇਸ਼ਾਨ ਹੋਏ ਆੜ੍ਹਤੀਆਂ ਤੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਕੋਲ ਵੀ ਪਹੁੰਚ ਕੀਤੀ ਪਰ ਅਜੇ ਤੱਕ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਆੜ੍ਹਤੀਆਂ ਦਾ ਕਹਿਣਾ ਹੈ ਕਿ ਜੇਕਰ ਬਰਸਾਤ ਕਾਰਨ ਫ਼ਸਲ ਖਰਾਬ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਦੂਜੇ ਪਾਸੇ ਪਨਸਪ ਖਰੀਦ ਏਜੰਸੀ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਸਾਰਾ ਦੋਸ਼ ਠੇਕੇਦਾਰ ਸਿਰ ਮੜ੍ਹਦਿਆਂ ਭਰੋਸਾ ਦਿੱਤਾ ਕਿ ਛੇਤੀ ਹੀ ਫ਼ਸਲ ਦੀ ਚੁਕਾਈ ਕੀਤੀ ਜਾਵੇਗੀ।