ਜਲੰਧਰ: ਇਹ ਚੋਣ ਅਖਾੜਾ ਘੱਟ ਤੇ ਅਣਖ ਦਾ ਅਖਾੜਾ ਜ਼ਿਆਦਾ ਲੱਗ ਰਿਹਾ ਹੈ। ਸਾਰੀਆਂ ਪਾਰਟੀਆਂ ਨੇ ਆਪਣੀ ਸਾਰੀ ਤਾਕਤ ਚੋਣ ਪ੍ਰਚਾਰ ਵਿੱਚ ਲਾਈ ਹੋਈ ਸੀ। ਜਿੱਥੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਪਿੰਡ-ਪਿੰਡ ਜਾ ਕੇ ਰੈਲੀਆਂ ਕੀਤੀਆਂ, ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੀ ਰੋਡ ਸ਼ੋਅ ਕਰਦੇ ਨਜ਼ਰ ਆਏ।   ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਵਿੱਚ ਆਖ਼ਰੀ ਦਿਨ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਤੇਜ਼ੀ ਲਿਆਂਦੀ। ਬਿਕਰਮ ਮਜੀਠਿਆ ਨੇ ਜਿੱਥੇ ਅਕਾਲੀ ਦਲ ਦੇ ਚੋਣ ਪ੍ਰਚਾਰ ਦੀ ਵਾਗਡੋਰ ਸੰਭਾਲੀ, ਉੱਥੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਕੁਝ ਰੈਲੀਆਂ ਨੇ ਹੀ ਕਾਂਗਰਸ ਵਿੱਚ ਜੋਸ਼ ਭਰ ਦਿੱਤਾ। ਪਰ ਚੋਣ ਪ੍ਰਚਾਰ ਵਿੱਚ ਮੁੱਦਿਆਂ ਦੀ ਗੱਲ ਘੱਟ ਤੇ ਬਿਆਨਬਾਜ਼ੀ ਭਾਰੂ ਰਹੀ। ਹਰ ਕੋਈ ਇਕ-ਦੂਜੇ ਦੇ ਨਵੇਂ ਪੁਰਾਣੇ ਚਿੱਠੇ ਖੋਲਦਾ ਨਜ਼ਰ ਆਇਆ। ਕੌਣ-ਕੌਣ ਹੈ ਚੋਣ ਮੈਦਾਨ ਵਿੱਚ ਕਾਂਗਰਸ ਨੇ ਆਪਣਾ ਉਮੀਦਵਾਰ ਲਾਡੀ ਸ਼ੋਰੋਵਾਲਿਆਂ ਨੂੰ ਬਣਾਇਆ ਹੈ। ਉਮੀਦਵਾਰ ਐਲਾਨੇ ਜਾਣ ਤੋਂ ਦੋ ਦਿਨ ਬਾਅਦ ਹੀ ਲਾਡੀ ਖਿਲਾਫ ਨਾਜਾਇਜ਼ ਮਾਈਨਿੰਗ ਦਾ ਪਰਚਾ ਦਰਜ ਹੋ ਗਿਆ। ਉਸ ਤੋਂ ਬਾਅਦ ਮਾਮਲਾ ਦਰਜ ਕਰਨ ਵਾਲੇ ਐਸਐਚਓ ਪਰਮਿੰਦਰ ਬਾਜਵਾ ਵੱਲੋਂ ਪਹਿਲਾਂ ਅਸਤੀਫਾ ਦੇਣਾ ਤੇ ਫੇਰ ਵਾਪਿਸ ਲੈਣਾ, ਸੁਰਖੀਆਂ ਬਣ ਗਇਆ। ਲਾਡੀ ਪ੍ਰਚਾਰ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਏ ਤੇ ਇਹ ਮੁੱਦਾ ਹੀ ਸ਼ਾਹਕੋਟ ਜ਼ਿਮਨੀ ਚੋਣ ਦਾ ਅਹਿਮ ਮੁੱਦਾ ਬਣ ਗਿਆ ਜਿਸ ਦੇ ਆਲ਼ੇ-ਦੁਆਲ਼ੇ ਸਿਆਸਤ ਘੁੰਮਦੀ ਰਹੀ। ਅਕਾਲੀ ਦਲ ਨੇ ਆਪਣਾ ਉਮੀਦਵਾਰ ਮਰਹੂਮ ਅਕਾਲੀ ਵਿਧਾਇਕ ਅਜੀਤ ਸਿੰਘ ਕੋਹਾੜ ਦੇ ਪੁੱਤਰ ਨਾਇਬ ਸਿੰਘ ਕੋਹਾੜ ਨੂੰ ਬਣਾਇਆ। ਅਜੀਤ ਸਿੰਘ ਕੋਹਾੜ ਦਾ ਇਸ ਸੀਟ 'ਤੇ ਪੰਜ ਵਾਰ ਕਬਜ਼ਾ ਰਿਹਾ ਹੈ। ਨਾਇਬ ਸਿੰਘ ਦਾ ਕੋਈ ਖ਼ਾਸ ਸਿਆਸੀ ਤਜ਼ਰਬਾ ਨਹੀਂ ਹੈ। ਉਹ ਪਹਿਲੀ ਵਾਰ ਚੋਣਾਂ ਵਿੱਚ ਖੜ੍ਹਾ ਹੋਇਆ ਹੈ। ਆਮ ਆਦਮੀ ਪਾਰਟੀ ਨੇ ਰਤਨ ਸਿੰਘ ਕਾਂਕੜ ਕਲਾਂ ਨੂੰ ਉਮੀਦਵਾਰ ਬਣਾਇਆ ਹੈ। ਰਤਨ ਸਿੰਘ ਦਾ ਵੀ ਕੋਈ ਖਾਸ ਰਾਜਨੀਤਿਕ ਤਜ਼ਰਬਾ ਨਹੀਂ ਹੈ। ਹਾਲਾਂਕਿ, ਸ਼ਾਹਕੋਟ ਵਿੱਚ ਉਮੀਦਵਾਰ ਖੜ੍ਹਾ ਕਰਨ ਬਾਰੇ ਪਾਰਟੀ ਵਿੱਚ ਪਹਿਲਾਂ ਹੀ ਮੱਤਭੇਦ ਸਨ। ਚੋਣ ਅੰਕੜੇ ਸ਼ਾਹਕੋਟ ਜ਼ਿਮਨੀ ਚੋਣ ਵਿੱਚ ਭਲਕੇ 1,72,676 ਵੋਟਰ ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਣਗੇ। ਦੋਹਾਂ ਪਾਰਟੀਆਂ ਵੱਲੋਂ ਧੱਕੇਸ਼ਾਹੀ ਦੇ ਇਲਜ਼ਾਮ ਲਗਾਤਾਰ ਲੱਗ ਰਹੇ ਹਨ। ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੁੱਖ ਚੋਣ ਅਫਸਰ ਡਾ. ਐਸ ਕਰੁਣਾ ਰਾਜ ਨੇ ਜਾਣਕਾਰੀ ਦਿੱਤੀ ਕਿ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤਕ ਵੋਟਾਂ ਪੈਣਗੀਆਂ। ਕੁੱਲ 236 ਪੋਲਿੰਗ ਬੂਥ ਹਨ ਜਿਨ੍ਹਾਂ ਚੋਂ 103 ਪੋਲਿੰਗ ਬੂਥਾਂ ਦੀ ਲਾਈਵ ਵੈੱਬ ਕਾਸਟਿੰਗ ਹੋਵੇਗੀ। ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ 1416 ਪੋਲਿੰਗ ਮੁਲਾਜ਼ਮ ਅਤੇ 1022 ਪੰਜਾਬ ਪੁਲਿਸ ਤੇ ਨੀਮ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਸਾਰੀਆਂ ਪਾਰਟੀਆਂ ਆਪਣਾ ਜ਼ੋਰ ਲਗਾ ਚੁੱਕੀਆਂ ਹਨ। ਹੁਣ ਸਭ ਦੀ ਨਜ਼ਰ 31 ਮਈ ਨੂੰ ਆਉਣ ਵਾਲੇ ਨਤੀਜਿਆਂ 'ਤੇ ਰਹੇਗੀ। ਅੱਜ ਸਭ ਆਰਾਮ ਫਰਮਾ ਰਹੇ ਹਨ ਪਰ ਕੱਲ੍ਹ ਲਈ ਤਿਆਰੀ ਵੀ ਸਭ ਦੀ ਪੱਕੀ ਹੈ। ਵਿਵਾਦਾਂ ਅਤੇ ਸਿਆਸਤ ਦਰਮਿਆਨ ਕੌਣ ਚੁਣਿਆ ਜਾਵੇਗਾ, ਇਸ ਦਾ ਫੈਸਲਾ ਤਾਂ ਜਨਤਾ ਹੀ ਕਰੇਗੀ। ਸ਼ਾਹਕੋਟ ਜ਼ਿਮਨੀ ਚੋਣ ਦੀ ਪਲ-ਪਲ ਦੀ ਸਟੀਕ ਤੇ ਨਿਰਪੱਖ ਜਾਣਕਾਰੀ ਤੁਸੀਂ ਏਬੀਪੀ ਸਾਂਝਾ 'ਤੇ ਵੇਖ ਸਕਦੇ ਹੋ।