ਫਿਰੋਜ਼ਪੁਰ: ਭਾਰਤ ਸਰਕਾਰ ਵੱਲੋਂ ਰਾਤੋ-ਰਾਤ 500 ਤੇ 1000 ਦੇ ਨੋਟ ਬੰਦ ਕਰਨ ਨਾਲ ਆਮ ਲੋਕਾਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ। ਪੈਸੇ ਮੁੱਕਣ ਦੀ ਕਰਕੇ ਸਵੇਰ ਤੋਂ ਹੀ ਬੈਂਕਾਂ ਮੂਹਰੇ ਜਾਣ ਵਾਲੇ ਲੋਕਾਂ ਨੂੰ ਬੈਂਕ ਅਧਿਕਾਰੀਆਂ ਦੀ ਜਲਾਲਤ ਤੋਂ ਬਾਅਦ ਗਾਰਡ ਤੋਂ ਥੱਪੜ ਵੀ ਖਾਣੇ ਪੈ ਰਹੇ ਹਨ।
ਇਹ ਘਟਨਾ ਫਿ਼ਰੋਜ਼ਪੁਰ ਦੇ ਕਸਬਾ ਮਮਦੋਟ ਦੀ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਵਿੱਚ ਵਾਪਰੀ ਜਿੱਥੇ ਲੋਕਾਂ ਨੂੰ ਬੈਂਕ ਵਿੱਚ ਵੜਨ ਤੋਂ ਰੋਕਦਿਆਂ ਗਾਰਡ ਨੇ ਥੱਪੜੇ ਮਾਰਨੇ ਸ਼ੁਰੂ ਕਰ ਦਿੱਤੇ। ਗਾਰਡ ਵੱਲੋਂ ਗਾਹਕ ਨੂੰ ਮਾਰੇ ਥੱਪੜ ਦੀ ਸਾਹਮਣੇ ਆਈ ਵੀਡੀਓ ਨੇ ਜਿੱਥੇ ਬੈਂਕ ਅਧਿਕਾਰੀਆਂ ਦੇ ਆਮ ਲੋਕਾਂ ਪ੍ਰਤੀ ਮਾੜੇ ਰਵੱਈਏ ਦੀ ਪੋਲ ਖੋਲ੍ਹੀ ਹੈ, ਉੱਥੇ ਲੋਕਾਂ ਦੀ ਹੋ ਰਹੀ ਲੁੱਟ ਦੀ ਵੀ ਗਵਾਹੀ ਭਰੀ ਹੈ।
ਦਰਅਸਲ ਘਰ ਦੇ ਗੁਜ਼ਾਰੇ ਲਈ ਆਪਣੇ ਕਾਰੋਬਾਰ ਛੱਡ ਕੇ ਬੈਂਕਾਂ ਵਿੱਚ ਸਾਰਾ ਦਿਨ ਖੜ੍ਹ ਕੇ ਆਪਣੇ ਹੀ ਪੈਸੇ ਲੈਣ ਵਾਲੇ ਲੋਕਾਂ ਨੂੰ ਬੇਇੱਜ਼ਤੀ ਕਰਵਾਉਣੀ ਹੈ ਰਹੀ ਹੈ। ਇਸ ਦੇ ਨਾਲ ਹੀ 500 ਤੇ 1000 ਦੇ ਨੋਟ ਬੰਦ ਹੋਣ ਕਰਕੇ ਮੱਚੀ ਹਫੜਾ-ਤਫੜੀ ਕਰਕੇ ਜਿੱਥੇ ਬਾਜ਼ਾਰ ਠੰਢੇ ਹਨ, ਉਥੇ ਪੈਸੇ ਨਾ ਹੋਣ ਕਰਕੇ ਆਪਣੇ ਘਰ ਦਾ ਖਰਚਾ ਚਲਾਉਣ ਲਈ ਲੋਕ ਸਵੇਰ ਤੋਂ ਹੀ ਲੰਮੀਆਂ ਕਤਾਰਾਂ ਵਿਚ ਖੜ੍ਹ ਪੈਸੇ ਮਿਲਣ ਦੀ ਉਡੀਕ ਕਰਦੇ ਹਨ।
ਹੈਰਾਨੀ ਦੀ ਗੱਲ ਹੈ ਕਿ ਕਈ ਵਾਰ ਘੰਟਿਆਂਬੱਧੀ ਉਡੀਕ ਕਰਨ ਬਾਅਦ 2000, 4000 ਨਾਲ ਬੈਂਕ ਮੁਲਾਜ਼ਮ ਜਾਣ ਦਾ ਫਰਮਾਨ ਜਾਰੀ ਕਰ ਦਿੰਦੇ ਹਨ। ਕਈ ਵਾਰ ਆਈ.ਡੀ. ਕਾਰਡ ਜਾਂ ਕੋਈ ਹੋਰ ਕਾਗਜ਼ਾਤ ਨਾ ਹੋਣ ਦਾ ਬਹਾਨਾ ਬਣਾ ਪੈਸੇ ਦੇਣ ਤੋਂ ਇਨਕਾਰ ਕਰ ਦਿੰਦੇ ਹਨ। ਇਸ ਕਰਕੇ ਲੋਕਾਂ ਨੂੰ ਘੰਟਿਆਂਬੱਧੀ ਲਾਈਨ ਵਿਚ ਲੱਗ ਕੇ ਵੀ ਕੁਝ ਪੱਲੇ ਨਹੀਂ ਪੈਦਾ। ਅੱਜ ਸਟੇਟ ਬੈਂਕ ਆਫ ਇੰਡੀਆ ਦੀ ਮਮਦੋਟ ਬ੍ਰਾਂਚ ਵਿੱਚ ਗਾਰਡ ਨੇ ਬੈਂਕ ਵਿੱਚ ਜਾ ਕੇ ਗਾਹਕ ਨੂੰ ਥੱਪੜ ਜੜ ਦਿੱਤੇ। ਇਸ ਦੇ ਵਾਈਰਲ ਹੋਏ ਵੀਡੀਓ ਨੇ ਬੈਂਕਾਂ ਦੀ ਕਾਰਗੁਜਾਰੀ `ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।