Punjab Politics: ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ  ਫ਼ਰੀਦਕੋਟ (09) ਵਿਨੀਤ ਕੁਮਾਰ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਇੱਕ ਨੋਟਿਸ ਜਾਰੀ ਕਰਦਿਆਂ 24 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਹੈ ।


ਸੰਯੁਕਤ ਕਿਸਾਨ ਮੋਰਚੇ ਦੇ ਨੁਮਾਇੰਦਿਆਂ ਵੱਲੋਂ ਭਾਜਪਾ ਉਮੀਦਵਾਰ ਤੇ “ਭੜਕਾਊ” ਸ਼ਬਦਾਵਲੀ ਸਬੰਧੀ ਲਿਖਤੀ ਤੌਰ ਤੇ ਸ਼ਿਕਾਇਤ ਪ੍ਰਾਪਤ ਹੋਣ ਉਪਰੰਤ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ।


ਜ਼ਿਕਰਯੋਗ ਹੈ ਕਿ ਮੋਰਚੇ ਦੇ ਅਹੁਦੇਦਾਰਾਂ ਨੇ ਭਾਜਪਾ ਉਮੀਦਵਾਰ ਤੇ ਪਿੰਡ ਬੀਹਲੇਵਾਲਾ ਵਿਖੇ ਇੱਕ ਜਨਤਕ ਇਕੱਠ ਨੂੰ ਸੰਬੋਧਿਤ ਹੁੰਦਿਆਂ ਕਥਿਤ ਤੌਰ ਤੇ ਕਿਸਾਨਾਂ ਦੀ ਮਾਨਸਿਕਤਾ ਨੂੰ ਠੇਸ ਪਹੁੰਚਾਉਣ ਵਾਲੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੀ ।ਕਿਸਾਨਾਂ ਨੇ ਇਹ ਵੀ ਦੋਸ਼ ਲਗਾਇਆ ਕਿ ਉਕਤ ਉਮੀਦਵਾਰ ਵੱਲੋਂ ਕਿਸਾਨਾਂ ਪ੍ਰਤੀ ਵਰਤੀ ਗਈ ਸ਼ਬਦਾਵਲੀ ਨਾਲ ਇਲਾਕੇ ਦੀ ਅਮਨ-ਸ਼ਾਂਤੀ ਵੀ ਭੰਗ ਹੋਣ ਦਾ ਖਦਸ਼ਾ ਹੈ ।


ਕਿਵੇਂ ਸ਼ੁਰੂ ਹੋਇਆ ਸਾਰਾ ਵਿਵਾਦ


ਜ਼ਿਕਰ ਕਰ ਦਈਏ ਕਿ ਫਰੀਦਕੋਟ ਲੋਕ ਸਭਾ ਹਲਕੇ ਤੋਂ ਬੀਜੇਪੀ ਦੇ ਉਮੀਦਵਾਰ ਹੰਸ ਰਾਜ ਹੰਸ ਦੀ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਕਿਸਾਨ ਜਥੇਬੰਦੀਆਂ ਬਾਰੇ ਪੁੱਠਾ-ਸਿੱਧਾ ਬੋਲਣ ਮਗਰੋਂ ਉਨ੍ਹਾਂ ਦੀ ਖੂਬ ਅਲੋਚਨਾ ਹੋ ਰਹੀ ਹੈ। ਉਨ੍ਹਾਂ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਵੀ ਪਹੁੰਚ ਗਈ ਹੈ। ਆਪਣੇ ਖਿਲਾਫ ਵਧਦੇ ਰੋਸ ਨੂੰ ਵੇਖ ਹੰਸ ਰਾਜ ਹੰਸ ਨੇ ਸਫਾਈ ਵੀ ਦਿੱਤੀ ਹੈ। ਹੰਸ ਰਾਜ ਹੰਸ ਨੇ ਪਹਿਲਾਂ ਕਿਸਾਨਾਂ ਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਤੇ ਕਿਹਾ ਕਿ 2 ਜੂਨ ਮਗਰੋਂ ਹਿਸਾਬ ਲਿਆ ਜਾਏਗਾ। ਹੁਣ ਹੰਸ ਕਹਿ ਰਹੇ ਹਨ ਕਿ ਉਨ੍ਹਾਂ ਨੇ ਦੋ ਤਾਰੀਖ ਮਗਰੋਂ ਕੋਈ ਦੁੱਲਾ ਭੱਟੀ ਨਹੀਂ ਬਣ ਜਾਣਾ। ਉਹ ਆਮ ਵਾਂਗ ਹੀ ਰਹਿਣਗੇ ਤੇ ਕਾਨੂੰਨ ਦਾ ਸਹਾਰਾ ਲੈਣਗੇ।


ਹੰਸ ਰਾਜ ਹੰਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀ ਕਿਸਾਨ ਨਹੀਂ ਸਗੋਂ ਕੁਝ ਜਥੇਬੰਦੀਆਂ ਹਨ। ਮੈਂ ਸਿਰਫ ਇਹ ਕਿਹਾ ਕਿ ਤੁਸੀਂ ਮੈਨੂੰ ਜੋ ਚਾਹੋ ਕਹਿ ਸਕਦੇ ਹੋ ਪਰ ਮੇਰੇ ਮਾਪਿਆਂ ਤੇ ਬੱਚਿਆਂ ਨੂੰ ਕੁਝ ਨਾ ਕਹੋ।  ਹੰਸ ਰਾਜ ਹੰਸ ਨੇ ਕਿਹਾ ਕਿ ਮੇਰੇ ਬੇਟੇ ਨੂੰ 500 ਲੋਕਾਂ ਨੇ ਘੇਰ ਲਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਚੋਣਾਂ ਜਿੱਤਣਗੇ ਤਾਂ ਉਹ ਇਨ੍ਹਾਂ ਜਥੇਬੰਦੀਆਂ ਨਾਲ ਬੈਠ ਕੇ ਉਨ੍ਹਾਂ ਦੇ ਮਸਲਿਆਂ ਬਾਰੇ ਗੱਲ ਕਰਨਗੇ, ਉਨ੍ਹਾਂ ਦੀ ਗੱਲ ਸੁਣਨਗੇ ਤੇ ਹੱਲ ਕਰਵਾਉਣਗੇ। ਮੈਂ ਹਜ਼ਾਰ ਵਾਰ ਕਿਹਾ ਹੈ ਕਿ ਮੈਂ ਉਨ੍ਹਾਂ ਦਾ ਵਿਚੋਲਾ ਬਣਾਂਗਾ।