Punjab Election: ਪੰਜਾਬ ਵਿੱਚ ਕਹਿਰ ਦੀ ਗਰਮੀ ਦਾ ਕਹਿਰ ਜਾਰੀ ਹੈ। ਦਿਨੋਂ ਦਿਨ ਤਾਪਮਾਨ ਵਧਦਾ ਜਾ ਰਿਹਾ ਹੈ। ਗਰਮ ਹਵਾਵਾਂ ਕਾਰਨ ਸੂਬੇ ਦੇ 10 ਤੋਂ ਵੱਧ ਜ਼ਿਲ੍ਹਿਆਂ ਵਿੱਚ ਤਾਪਮਾਨ 44 ਡਿਗਰੀ ਨੂੰ ਪਾਰ ਕਰ ਗਿਆ ਹੈ। ਲੁਧਿਆਣਾ ਜ਼ਿਲ੍ਹੇ ਦਾ ਸਮਰਾਲਾ ਸ਼ਨੀਵਾਰ ਨੂੰ ਵੀ ਸਭ ਤੋਂ ਗਰਮ ਰਿਹਾ। ਇੱਥੇ ਤਾਪਮਾਨ 46.1 ਦਰਜ ਕੀਤਾ ਗਿਆ ਜੋ ਆਮ ਨਾਲੋਂ 5.5 ਡਿਗਰੀ ਵੱਧ ਹੈ। ਇਸ ਮੌਕੇ ਲੁਧਿਆਣਾ ਵਿੱਚ ਇੱਕਲਾ ਤਾਪਮਾਨ ਹੀ ਨਹੀਂ ਸਿਆਸੀ ਪਾਰਾ ਵੀ ਸਿਖਰਾਂ ਉੱਤੇ ਹੈ। ਸਿਮਰਨਜੀਤ ਬੈਂਸ ਨੇ ਰਵਨੀਤ ਬਿੱਟੂ ਦੀ ਆਡੀਓ ਵਾਇਰਲ ਕਰਕੇ ਭਾਜਪਾ ਨੂੰ ਠਿੱਬੀ ਲਾਈ ਹੈ।


ਕਿਵੇਂ ਚੜ੍ਹਿਆ ਸਿਆਸੀ ਪਾਰਾ !


ਲੁਧਿਆਣਾ ਦੀ ਸਿਆਸਤ ਵਿੱਚ ਵੱਡਾ ਧਮਾਕਾ ਹੋਇਆ ਹੈ। ਹੁਣੇ-ਹੁਣੇ ਕਾਂਗਰਸ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬੀਜੇਪੀ ਦੀ ਟਿਕਟ ਉਪਰ ਲੁਧਿਆਣਾ ਸੀਟ ਤੋਂ ਚੋਣ ਲੜ ਰਹੇ ਰਵਨੀਤ ਬਿੱਟੂ ਦੀ ਆਡੀਓ ਜਾਰੀ ਕੀਤੀ ਹੈ। ਸਿਮਰਜੀਤ ਬੈਂਸ ਦਾ ਦਾਅਵਾ ਹੈ ਕਿ ਆਡੀਓ ਵਿੱਚ ਆਵਾਜ਼ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਹੈ। ਆਡੀਓ ਵਿੱਚ ਰਵਨੀਤ ਬਿੱਟੂ ਖੁੱਲ੍ਹ ਕੇ ਕਾਂਗਰਸ ਤੇ ਬੀਜੇਪੀ ਦੇ ਸੀਨੀਅਰ ਲੀਡਰਾਂ ਵਿਰੁੱਧ ਭੜਾਸ ਕੱਢ ਰਹੇ ਹਨ। ਆਡੀਓ ਵਿੱਚ ਗਾਲ੍ਹਾਂ ਵੀ ਕੱਢੀਆਂ ਜਾ ਰਹੀਆਂ ਹਨ।  ਬੈਂਸ ਨੇ ਕਿਹਾ ਕਿ ਜਦੋਂ ਤੋਂ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਹਨ, ਉਦੋਂ ਤੋਂ ਹੀ ਬਿੱਟੂ ਆਪਣਾ ਆਪਾ ਗੁਆ ਚੁੱਕੇ ਹਨ। ਬਿੱਟੂ ਮੰਦਬੁੱਧੀ ਹੈ। ਜਦੋਂ ਬਿੱਟੂ ਸੂਟ-ਬੂਟ ਪਾ ਕੇ ਖੜ੍ਹੇ ਰਹਿੰਦੇ ਹਨ ਤਾਂ ਸਭ ਚੰਗਾ ਲੱਗਦਾ ਹੈ, ਪਰ ਜਦੋਂ ਉਹ ਬੋਲਦੇ ਹਨ ਤਾਂ ਅਸਲੀਅਤ ਸਭ ਦੇ ਸਾਹਮਣੇ ਆ ਜਾਂਦੀ ਹੈ। ਸਾਂਸਦ ਹੋਣ ਦੇ ਬਾਵਜੂਦ ਬਿੱਟੂ ਅਜੇ ਤੱਕ ਸਿਆਣੇ ਨਹੀਂ ਹੋਏ।


ਲੁਧਿਆਣਾ ਵਿੱਚ ਗਰਮੀ ਕੱਢ ਰਹੀ ਵੱਟ


ਲੁਧਿਆਣਾ ਜ਼ਿਲ੍ਹੇ ਦਾ ਸਮਰਾਲਾ ਸ਼ਨੀਵਾਰ ਨੂੰ ਵੀ ਸਭ ਤੋਂ ਗਰਮ ਰਿਹਾ। ਇੱਥੇ ਤਾਪਮਾਨ 46.1 ਦਰਜ ਕੀਤਾ ਗਿਆ ਜੋ ਆਮ ਨਾਲੋਂ 5.5 ਡਿਗਰੀ ਵੱਧ ਹੈ। ਜ਼ਿਕਰਯੋਗ ਹੈ ਕਿ 11 ਸਾਲ ਪਹਿਲਾਂ ਮਈ ਦੇ ਮਹੀਨੇ ਲੁਧਿਆਣਾ ਵਿੱਚ ਅਜਿਹੀ ਗਰਮੀ ਪਈ ਸੀ। ਇਸ ਦੌਰਾਨ ਮੌਸਮ ਵਿਭਾਗ ਨੇ ਚਾਰ ਜ਼ਿਲ੍ਹਿਆਂ ਮਾਨਸਾ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਲਈ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਤੇਜ਼ ਗਰਮੀ ਹੋਵੇਗੀ, ਜੋ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਲਈ ਜ਼ਿਆਦਾ ਖ਼ਤਰਨਾਕ ਹੈ। ਇਸ ਕਾਰਨ ਵਿਭਾਗ ਨੇ ਲੋਕਾਂ ਨੂੰ ਤੇਜ਼ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਹੈ।


ਬਹੁਤ ਸਾਰਾ ਪਾਣੀ ਪੀਓ, ਢਿੱਲੇ ਕੱਪੜੇ ਪਾਓ


ਗਰਮੀ ਤੋਂ ਬਚਣ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਤੇਜ਼ ਧੁੱਪ ਵਿੱਚ ਬਾਹਰ ਜਾਣ ਦੀ ਮਨਾਹੀ ਹੈ ਜਦੋਂ ਤੱਕ ਕਿ ਬਿਲਕੁਲ ਜ਼ਰੂਰੀ ਨਾ ਹੋਵੇ। ਪਾਣੀ ਪੀਣ ਦੀ ਵੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਾਉਣ ਅਤੇ ਸਿਰ ਨੂੰ ਕੱਪੜੇ ਅਤੇ ਟੋਪੀ ਨਾਲ ਢੱਕਣ ਲਈ ਕਿਹਾ ਗਿਆ ਹੈ।