ਚੰਡੀਗੜ੍ਹ : ਬੀਜੇਪੀ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਸਰਗਰਮ ਸਿਆਸਤ ਵਿੱਚ ਸ਼ਾਮਲ ਹੋਣ ਲਈ ਕਪਿਲ ਸ਼ਰਮਾ ਦਾ ਸ਼ੋਅ ਛੱਡਣ ਦਾ ਫ਼ੈਸਲਾ ਕਰ ਲਿਆ ਹੈ। ਮੀਡੀਆ ਰਿਪੋਰਟ ਅਨੁਸਾਰ ਸਿੱਧੂ ਸਤੰਬਰ ਮਹੀਨੇ ਤੱਕ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਦੇਖਣਗੇ। ਇਸ ਤੋਂ ਬਾਅਦ ਉਹ ਪੰਜਾਬ ਦੀ ਸਿਆਸਤ ਵਿੱਚ ਪੂਰੀ ਤਰ੍ਹਾਂ ਬਿਜ਼ੀ ਹੋ ਜਾਣਗੇ।
ਸੂਤਰਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਨੇ ਇਸ ਸਬੰਧੀ ਚੈਨਲ ਦੇ ਪ੍ਰਬੰਧਕਾਂ ਨੂੰ ਜਾਣੂ ਕਰਵਾ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨੀਂ ਆਵਾਜ਼-ਏ-ਪੰਜਾਬ ਨਾਂ ਦੇ ਸਿਆਸੀ ਫ਼ਰੰਟ ਦਾ ਐਲਾਨ ਕੀਤਾ ਸੀ। ਇਸ ਫ਼ਰੰਟ ਵਿੱਚ ਸਿੱਧੂ ਸਮੇਤ ਅਕਾਲੀ ਵਿਧਾਇਕ ਪ੍ਰਗਟ ਸਿੰਘ ਅਤੇ ਬੈਂਸ ਭਰਾ ਸ਼ਾਮਲ ਹਨ।
ਫ਼ਰੰਟ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਵੀ ਐਲਾਨ ਕੀਤਾ ਸੀ। ਜਾਣਕਾਰੀ ਅਨੁਸਾਰ ਸਿੱਧੂ ਛੇਤੀ ਹੀ ਇਸ ਸਿਆਸੀ ਫ਼ਰੰਟ ਨੂੰ ਰਾਜਨੀਤਿਕ ਪਾਰਟੀ ਦਾ ਰੂਪ ਦੇ ਦੇਣਗੇ। ਫ਼ਿਲਹਾਲ ਫ਼ਰੰਟ ਨਾਲ ਆਗੂਆਂ ਨੂੰ ਜੋੜਨ ਦੇ ਲਈ ਵੱਖ ਵੱਖ ਆਗੂਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।