ਨਵੀਂ ਦਿੱਲੀ : ਕਾਂਗਰਸ ਅਤੇ ਆਵਾਜ਼-ਏ-ਪੰਜਾਬ ਫ਼ਰੰਟ ਵਿੱਚ ਡੀਲ ਲਗਭਗ ਫਾਈਨਲ ਹੋ ਚੁੱਕੀ ਹੈ। ਦਿੱਲੀ ਵਿੱਚ ਆਵਾਜ਼-ਏ-ਪੰਜਾਬ ਦੇ ਆਗੂਆਂ ਨਵਜੋਤ ਸਿੰਘ ਸਿੱਧੂ, ਬੈਂਸ ਭਰਾਵਾਂ ਤੇ ਪ੍ਰਗਟ ਸਿੰਘ ਨੇ ਮੀਟਿੰਗ ਕੀਤੀ ਤੇ ਅਗਲੀ ਰਣਨੀਤੀ ਵਿਚਾਰੀ। ਇਸ ਬਾਰੇ ਲੁਧਿਆਣਾ ਤੋਂ ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਅਗਲੇ ਕੁੱਝ ਦਿਨਾਂ ਵਿੱਚ ਬਾਦਲਾਂ ਦੀ ਲੁੱਟ-ਖਸੁੱਟ ਤੇ ਲੋਕ ਮਾਰੂ ਨੀਤੀਆਂ ਖ਼ਿਲਾਫ਼ ਆਵਾਜ਼-ਏ-ਪੰਜਾਬ ਅਗਲੀ ਰਣਨੀਤੀ ਦਾ ਐਲਾਨ ਕਰੇਗੀ।
ਬੈਂਸ ਨੇ ਸਪਸ਼ਟ ਕੀਤਾ ਕਿ ਬਿਨਾਂ ਸ਼ਰਤ ਨਾ ਤਾਂ ਕਾਂਗਰਸ ਨਾਲ ਅਤੇ ਨਾ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਹੋਵੇਗਾ, ਸਗੋਂ ਪੰਜਾਬ ਦੇ ਵਿਕਾਸ ਤੇ ਲੋਕਾਂ ਦੇ ਹਿਤਾਂ ਨਾਲ ਜੁੜੀਆਂ ਸ਼ਰਤਾਂ ਤਹਿਤ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਤੇ ਕਾਂਗਰਸ ਨਾਲ ਬਰਾਬਰ ਗੱਲ ਚੱਲ ਰਹੀ ਹੈ। ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਵੀ ਰਾਹੁਲ ਗਾਂਧੀ ਨੂੰ ਮਿਲੇ ਤੇ ਉਨ੍ਹਾਂ ਹਾਈ ਕਮਾਂਡ ਨਾਲ ਪੰਜਾਬ ਦੇ ਮਸਲਿਆਂ ‘ਤੇ ਚਰਚਾ ਕੀਤੀ।
ਇਸ ਦੌਰਾਨ ਪੰਜਾਬ ਕਾਂਗਰਸ ਦੀ ਸੁਰ ਵੀ ਸਿੱਧੂ ਪ੍ਰਤੀ ਨਰਮ ਹੋ ਗਈ ਹੈ। ਕਾਂਗਰਸ ਦਾ ਕਹਿਣਾ ਹੈ ਕਿ ਸਿੱਧੂ ਅਤੇ ਉਸ ਦਾ ਸਾਥੀਆਂ ਦਾ ਕਾਂਗਰਸ ਵਿੱਚ ਆਉਣ ‘ਤੇ ਸਵਾਗਤ ਹੈ। ਕਾਂਗਰਸ ਦੇ ਬੁਲਾਰੇ ਅਜੇ ਕੁਮਾਰ ਨੇ ਕਿਹਾ ਕਿ ਇਹ ਫ਼ੈਸਲਾ ਸਿੱਧੂ ਦੇ ਵਿਵੇਕ ਉੱਤੇ ਨਿਰਭਰ ਕਰੇਗਾ। ਇਸ ਮੁੱਦੇ ਉੱਤੇ ਕਾਂਗਰਸ ਨੇ ਅਗਲੀ ਰਣਨੀਤੀ ਲਈ 23 ਅਕਤੂਬਰ ਨੂੰ ਦਿੱਲੀ ਵਿੱਚ ਮੀਟਿੰਗ ਸੱਦੀ ਹੈ। ਮੰਨਿਆ ਜਾ ਰਿਹਾ ਕਿ ਇਸ ਮੀਟਿੰਗ ਵਿੱਚ ਆਵਾਜ਼-ਏ-ਪੰਜਾਬ ਸਬੰਧੀ ਰਣਨੀਤੀ ਉੱਤੇ ਚਰਚਾ ਹੋਵੇਗੀ।