ਚੰਡੀਗੜ੍ਹ: ਲੋਕ ਸਭਾ ਚੋਣਾਂ ਇਸ ਵਾਰ ਸਿਰਫ ਦਿੱਲੀ ਦੀ ਦੌੜ ਨਹੀਂ ਸਗੋਂ ਵੱਕਾਰ ਦਾ ਸਵਾਲ ਹਨ। ਪੰਜਾਬ ਦੇ ਕਈ ਵੱਡੇ ਲੀਡਰਾਂ ਤੇ ਪਾਰਟੀਆਂ ਦਾ ਵੱਕਾਰ ਦਾਅ 'ਤੇ ਲੱਗਾ ਹੈ। ਇਸ ਮੁਕਾਬਲੇ ਦੀ ਅਹਿਮੀਅਤ ਇਸ ਤੋਂ ਸਮਝੀ ਜਾ ਸਕਦਾ ਹੈ ਕਿ ਇਸ ਵਾਰ ਚੋਣਾਂ ਵਿੱਚ ਪੰਜਾਬ ਪਾਰਟੀਆਂ ਦੇ ਪ੍ਰਧਾਨ ਖੁਦ ਮੈਦਾਨ ਵਿੱਚ ਹਨ।

ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਫ਼ਿਰੋਜ਼ਪੁਰ ਤੋਂ, ਕਾਂਗਰਸ ਦੇ ਸੁਨੀਲ ਜਾਖੜ ਗੁਰਦਾਸਪੁਰ ਤੋਂ, ‘ਆਪ’ ਦੇ ਪ੍ਰਧਾਨ ਭਗਵੰਤ ਮਾਨ ਸੰਗਰੂਰ, ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖਹਿਰਾ ਬਠਿੰਡਾ, ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸੰਗਰੂਰ ਤੋਂ ਤੇ ਆਪਣਾ ਪੰਜਾਬ ਮੰਚ ਦੇ ਮੁਖੀ ਡਾ. ਧਰਮਵੀਰ ਗਾਂਧੀ ਪਟਿਆਲਾ ਤੋਂ ਚੋਣ ਮੈਦਾਨ ਵਿੱਚ ਨਿੱਤਰੇ ਹਨ।

ਇਨ੍ਹਾਂ ਵਿੱਚ ਸਭ ਤੋਂ ਵੱਡੀ ਚੁਣੌਤੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਲਈ ਹੈ। ਇਹ ਦੋਵੇਂ ਵੱਡੀਆਂ ਪਾਰਟੀਆਂ ਇਸ ਵੇਲੇ ਹੋਂਦ ਦੀ ਲੜਾਈ ਲੜ ਰਹੀਆਂ ਹਨ। ਇਨ੍ਹਾਂ ਲੀਡਰਾਂ ਦੀ ਹਾਰ ਇਨ੍ਹਾਂ ਦੀਆਂ ਪਾਰਟੀਆਂ ਨੂੰ ਹਾਸ਼ੀਏ 'ਤੇ ਧੱਕ ਦੇਵੇਗੀ। ਇਸ ਤੋਂ ਇਲਾਵਾ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖਹਿਰਾ ਲਈ ਵੀ ਪ੍ਰੀਖਿਆ ਦਾ ਘੜੀ ਹੈ। ਉਹ ਇਸ ਚੋਣ ਨਾਲ ਹੀ ਪਾਰਟੀ ਦਾ ਮੁੱਢ ਬੰਨ੍ਹ ਰਹੇ ਹਨ।

  ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਸੁਖਬੀਰ ਬਾਦਲ ਦੀ ਗੱਲ ਕਰੀਏ ਤਾਂ ਉਨ੍ਹਾਂ ਲਈ ਫਿਰੋਜ਼ਪੁਰ ਫਤਹਿ ਕਰਨਾ ਸੌਖਾ ਨਹੀਂ ਹੋਏਗਾ। ਇਸ ਦਾ ਅਹਿਮ ਪੱਖ ਇਹ ਹੈ ਕਿ ਜੇ ਰਾਅ ਸਿੱਖ ਭਾਈਚਾਰਾ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੀ ਹਮਾਇਤ ’ਤੇ ਡਟ ਗਿਆ ਤਾਂ ਸੁਖਬੀਰ ਲਈ ਮੁਸ਼ਕਲ ਹਾਲਤ ਬਣ ਸਕਦੀ ਹੈ।

ਉਧਰ, ਸੰਗਰੂਰ ਲੋਕ ਸਭਾ ਹਲਕੇ ਤੋਂ ‘ਆਪ’ ਪ੍ਰਧਾਨ ਭਗਵੰਤ ਮਾਨ ਦੇ ਮੁਕਾਬਲੇ ’ਚ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਹਲਕੇ ਤੋਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵਲੋਂ ਜੱਸੀ ਜਸਰਾਜ ਚੋਣ ਮੈਦਾਨ ਵਿੱਚ ਹਨ। ‘ਆਪ’ ਦੇ ਵੰਡੇ ਜਾਣ ਦਾ ਸਿੱਧਾ ਨੁਕਸਾਨ ਪਾਰਟੀ ਦੇ ਉਮੀਦਵਾਰ ਨੂੰ ਹੀ ਹੋਵੇਗਾ।