ਫ਼ਰੀਦਕੋਟ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀ ਕਾਂਡ ਵਿੱਚ ਪੁਲਿਸ ਅਫਸਰਾਂ ਤੇ ਸਿਆਸੀ ਲੋਕਾਂ 'ਤੇ ਅਜੇ ਸਖਤੀ ਜਾਰੀ ਰਹੇਗੀ। ਇਸ ਦਾ ਸੰਕੇਤ ਉਸ ਵੇਲੇ ਮਿਲਿਆ ਜਦੋਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਬਹਿਬਲ ਗੋਲੀ ਕਾਂਡ ’ਚ ਮੁਲਜ਼ਮ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਖ਼ਿਲਾਫ਼ ਅਦਾਲਤ ’ਚ ਚਲਾਨ ਪੇਸ਼ ਕਰ ਦਿੱਤਾ ਪਰ ਐਸਪੀ ਬਿਕਰਮ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਬਾਜਾਖਾਨਾ ਦੇ ਸਾਬਕਾ ਐਸਐਚਓ ਅਮਰਜੀਤ ਸਿੰਘ ਕੁਲਾਰ ਖ਼ਿਲਾਫ਼ ਚਲਾਨ ਪੇਸ਼ ਨਹੀਂ ਕੀਤਾ।
ਦਰਅਸਲ ਇਨ੍ਹਾਂ ਅਫਸਰਾਂ ਦੀ ਗ੍ਰਿਫ਼ਤਾਰੀ ’ਤੇ 23 ਮਈ ਤੱਕ ਰੋਕ ਲੱਗੀ ਹੋਈ ਹੈ। ਜਾਂਚ ਟੀਮ ਨੇ ਚਲਾਨ ਨਾ ਪੇਸ਼ ਕਰਕੇ ਇਨ੍ਹਾਂ ਦੀ ਗ੍ਰਿਫ਼ਤਾਰੀ ਦਾ ਰਾਹ ਅਜੇ ਖੁੱਲ੍ਹਾ ਰੱਖਿਆ ਹੈ। ਜਾਂਚ ਟੀਮ ਨੇ ਬਾਕੀ ਪੁਲਿਸ ਅਧਿਕਾਰੀਆਂ ਤੋਂ ਪੁੱਛ-ਪੜਤਾਲ ਤੋਂ ਬਾਅਦ ਚਲਾਨ ਪੇਸ਼ ਕਰਨ ਦੀ ਗੱਲ ਕਹੀ ਹੈ। ਇਸ ਤੋਂ ਸਪਸ਼ਟ ਹੈ ਕਿ ਵਿਸ਼ੇਸ਼ ਜਾਂਚ ਟੀਮ ਇਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਹੋਰ ਪੁੱਛਗਿੱਛ ਕਰਨਾ ਚਾਹੁੰਦੀ ਹੈ। ਸਿੱਟ ਚੋਣ ਜ਼ਾਬਤਾ ਲੱਗਾ ਹੋਣ ਕਾਰਨ ਅਜੇ ਉਡੀਕ ਕਰ ਰਹੀ ਹੈ।
ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਅਕਾਲੀਆਂ ਨੇ ਕੇਂਦਰ ਸਰਕਾਰ ਰਾਹੀਂ ਦਬਾਅ ਬਣਾ ਕੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਜਾਂਚ ਤੋਂ ਲਾਂਭੇ ਕੀਤਾ ਹੈ ਪਰ ਫਿਰ ਵੀ ਉਹ ਕੋਟਕਪੂਰਾ ਤੇ ਬਹਿਬਲ ਕਾਂਡ ’ਚ ਨਿਰਪੱਖ ਜਾਂਚ ਕਰਵਾ ਕੇ ਬਾਦਲਾਂ ਨੂੰ ਸਜ਼ਾ ਦਿਵਾਏ ਬਿਨਾਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਬੇਅਦਬੀ ਕਾਂਡ ਲਈ ਦੋਸ਼ੀ ਮੰਨਦਿਆਂ ਕਿਹਾ ਕਿ ਜਾਂਚ ਟੀਮ ਆਪਣਾ ਕੰਮ ਜਾਰੀ ਰੱਖੇਗੀ ਤੇ ਜਲਦੀ ਹੀ ਬਾਦਲਾਂ ’ਤੇ ਸ਼ਿਕੰਜਾ ਕੱਸਿਆ ਜਾਵੇਗਾ।
ਯਾਦ ਰਹੇ ਚਰਨਜੀਤ ਸ਼ਰਮਾ ਨੂੰ ਜਾਂਚ ਟੀਮ ਨੇ 27 ਜਨਵਰੀ ਨੂੰ ਹੁਸ਼ਿਆਰਪੁਰ ਤੋਂ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਸੀ ਤੇ 27 ਅਪਰੈਲ ਤੱਕ ਜਾਂਚ ਟੀਮ ਵੱਲੋਂ ਚਲਾਨ ਪੇਸ਼ ਕਰਨਾ ਲਾਜ਼ਮੀ ਸੀ। ਜੇ ਅਜਿਹਾ ਨਾ ਕੀਤਾ ਜਾਂਦਾ ਤਾਂ ਨੇਮਾਂ ਮੁਤਾਬਕ ਸ਼ਰਮਾ ਨੂੰ ਬਹਿਬਲ ਕਾਂਡ ਮਾਮਲੇ ਵਿੱਚੋਂ ਜ਼ਮਾਨਤ ਮਿਲ ਸਕਦੀ ਸੀ। ਚਲਾਨ ਪੇਸ਼ ਕਰਨ ਮੌਕੇ ਸ਼ਰਮਾ ਅਦਾਲਤ ਵਿੱਚ ਨਹੀਂ ਹੋਇਆ ਜਿਸ ਕਰਕੇ ਅਦਾਲਤ ਨੇ ਸਾਬਕਾ ਐਸਐਸਪੀ ਨੂੰ 26 ਅਪਰੈਲ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਸ਼ਰਮਾ ਇਸ ਵੇਲੇ ਪਟਿਆਲਾ ਜੇਲ੍ਹ ’ਚ ਹੈ।
ਜਾਂਚ ਟੀਮ ਦੇ ਮੈਂਬਰ ਤੇ ਕਪੂਰਥਲਾ ਦੇ ਐਸਐਸਪੀ ਸਤਿੰਦਰ ਪਾਲ ਸਿੰਘ ਚਲਾਨ ਪੇਸ਼ ਕਰਨ ਲਈ ਖ਼ੁਦ ਅਦਾਲਤ ਵਿੱਚ ਹਾਜ਼ਰ ਰਹੇ। 300 ਪੰਨਿਆਂ ਦੇ ਚਲਾਨ ਵਿੱਚ ਜਾਂਚ ਟੀਮ ਨੇ ਚਰਨਜੀਤ ਸ਼ਰਮਾ ਖ਼ਿਲਾਫ਼ ਪੁਲਿਸ ਅਧਿਕਾਰੀਆਂ, ਡਾਕਟਰਾਂ, ਫੋਰੈਂਸਿਕ ਮਾਹਿਰਾਂ ਨੂੰ ਗਵਾਹ ਵਜੋਂ ਸ਼ਾਮਲ ਕੀਤਾ ਹੈ।
ਨਹੀਂ ਬਚਣਗੇ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀ, ਚੋਣਾਂ ਤੋਂ ਬਾਅਦ ਐਕਸ਼ਨ ਦੀ ਤਿਆਰੀ
ਏਬੀਪੀ ਸਾਂਝਾ
Updated at:
25 Apr 2019 12:43 PM (IST)
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀ ਕਾਂਡ ਵਿੱਚ ਪੁਲਿਸ ਅਫਸਰਾਂ ਤੇ ਸਿਆਸੀ ਲੋਕਾਂ 'ਤੇ ਅਜੇ ਸਖਤੀ ਜਾਰੀ ਰਹੇਗੀ। ਇਸ ਦਾ ਸੰਕੇਤ ਉਸ ਵੇਲੇ ਮਿਲਿਆ ਜਦੋਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਬਹਿਬਲ ਗੋਲੀ ਕਾਂਡ ’ਚ ਮੁਲਜ਼ਮ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਖ਼ਿਲਾਫ਼ ਅਦਾਲਤ ’ਚ ਚਲਾਨ ਪੇਸ਼ ਕਰ ਦਿੱਤਾ ਪਰ ਐਸਪੀ ਬਿਕਰਮ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਬਾਜਾਖਾਨਾ ਦੇ ਸਾਬਕਾ ਐਸਐਚਓ ਅਮਰਜੀਤ ਸਿੰਘ ਕੁਲਾਰ ਖ਼ਿਲਾਫ਼ ਚਲਾਨ ਪੇਸ਼ ਨਹੀਂ ਕੀਤਾ।
- - - - - - - - - Advertisement - - - - - - - - -