ਵੀਰਵਾਰ ਨੂੰ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿਖੇ ਸਿਆਸੀ ਕਾਨਫਰੰਸਾਂ ਵਿੱਚ ਬੇਅਦਬੀ ਤੇ ਨਸ਼ਿਆਂ ਦੇ ਮੁੱਦੇ ਹੀ ਛਾਏ ਰਹੇ। ਦਿਲਚਸਪ ਗੱਲ਼ ਹੈ ਕਿ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਖੁਦ ਕਬੂਲਿਆ ਕਿ ਬੇਅਦਬੀ ਮੁੱਦੇ 'ਤੇ ਕਾਰਵਾਈ ਨਾ ਹੋਣ ਕਰਕੇ ਕਾਂਗਰਸੀ ਵਰਕਰਾਂ ਵਿੱਚ ਲਗਾਤਾਰ ਗੁੱਸਾ ਵਧ ਰਿਹਾ ਹੈ। ਉਨ੍ਹਾਂ ਨੇ ਕਾਂਗਰਸੀਆਂ ਨੂੰ ਭਰੋਸਾ ਦਿਵਾਇਆ ਕਿ ਇਸ 'ਤੇ ਹਰ ਹਾਲ ਐਕਸ਼ਨ ਹੋਵੇਗਾ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਸੁਖਬੀਰ ਬਾਦਲ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।
ਉਧਰ, ਇਨ੍ਹਾਂ ਮੁੱਦਿਆਂ 'ਤੇ ਕਾਂਗਰਸ ਸਰਕਾਰ ਦੀ ਨਾਕਾਮੀ ਨੇ ਅਕਾਲੀ ਦਲ ਦੇ ਹੌਸਲੇ ਵੀ ਵਧਾ ਦਿੱਤੇ ਹਨ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੰਗਾਰਦਿਆਂ ਸ਼ਰੇਆਮ ਕਿਹਾ ਕਿ ਸੂਬੇ ‘ਚ ਨਸ਼ਾ ਕਾਂਗਰਸੀ ਤੇ ਪੁਲਿਸ ਮਿਲ ਕੇ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕੀ ਕੇ ਬੇਅਦਬੀ ਕੀਤੀ ਹੈ ਕਿਉਂਕਿ ਪੰਜਾਬ ਵਿੱਚ ਨਸ਼ਾ ਖਤਮ ਨਹੀਂ ਹੋਇਆ।
ਅਹਿਮ ਗੱਲ ਹੈ ਕਿ ਬਿਕਰਮ ਮਜੀਠੀਆ ਨੇ ਵੱਡਾ ਐਲਾਨ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ ਬੇਅਦਬੀ ਕਾਂਡ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਜੇਕਰ ਕੋਈ ਅਕਾਲੀ ਵਰਕਰ ਜਾਂ ਨੇਤਾ ਇਸ ਵਿੱਚ ਦੋਸ਼ੀ ਪਾਇਆ ਤਾਂ ਉਹ ਅਕਾਲੀ ਦਲ ਤੋਂ ਅਸਤੀਫ਼ਾ ਦੇ ਦੇਣਗੇ।
ਉਨ੍ਹਾਂ ਕਿਹਾ ਕਿ ਜੇਕਰ ਗੁਰੂ ਗ੍ਰੰਥ ਸਾਹਿਬ 'ਤੇ ਕੋਈ ਸਿਆਸਤ ਕਰੇ ਤਾਂ ਉਸ ਦਾ ਕੱਖ ਨਾ ਰਹੇ। ਇਸ ਉੱਪਰ ਰਾਹੁਲ ਗਾਂਧੀ ਤੇ ਸੁਨੀਲ ਜਾਖੜ ਨੇ ਸਿਆਸਤ ਕੀਤੀ ਤੇ ਦੋਵੇਂ ਚੋਣਾਂ ਹਾਰ ਗਏ। ਨਵਜੋਤ ਸਿੱਧੂ ਦਾ ਨਾਂ ਲਏ ਬਗੈਰ ਕਿਹਾ ਕਿ ਇੱਕ ਹੋਰ ਮੰਤਰੀ ਜੋ ਸਭ ਤੋਂ ਵੱਧ ਰੌਲਾ ਪਾਉਂਦਾ ਸੀ, ਉਹ ਕਿੱਥੇ ਗਿਆ, ਇਹ ਉਸ ਤੋਂ ਹੀ ਸਮਝ ਲੈਣਾ ਚਾਹੀਦਾ ਹੈ।