ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਨੇ ਬੇਅਦਬੀ ਕਾਂਢ 'ਤੇ ਢੁਕਵੀਂ ਕਾਰਵਾਈ ਨਾ ਹੋਣ ਦੇ ਰੋਸ ਵਿੱਚ ਅਸਤੀਫਾ ਦੇ ਕੇ ਕਾਂਗਰਸੀ ਮੰਤਰੀਆਂ ਨੂੰ ਕਸੂਤਾ ਫਸਾ ਦਿੱਤਾ ਹੈ। ਉਨ੍ਹਾਂ ਦੇ ਅਸਤੀਫੇ ਮਗਰੋਂ ਸਵਾਲ ਉੱਠਣ ਲੱਗਾ ਹੈ ਕਿ ਕੀ ਹੁਣ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਵੀ ਅਸਤੀਫ਼ੇ ਦੇਣ ਦੇਣਗੇ।

 

ਇਹ ਸਵਾਲ ਇਸ ਕਰਕੇ ਉੱਠ ਰਿਹਾ ਹੈ ਕਿਉਂਕਿ ਇਨ੍ਹਾਂ ਕਾਂਗਰਸੀ ਲੀਡਰਾਂ ਨੇ ਵਿਧਾਨ ਸਭਾ ਵਿੱਚ ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬੜੀਆਂ ਭਾਵੁਕ ਤਕਰੀਰਾਂ ਕਰਕੇ ਆਪਣੀ ਹੀ ਸਰਕਾਰ ਕੋਲੋਂ ਸਮਾਂਬੱਧ ਕਾਰਵਾਈ ਦੀ ਮੰਗ ਕੀਤੀ ਸੀ। ਹੁਣ ਆਮ ਆਦਮੀ ਪਾਰਟੀ ਨੇ ਸਵਾਲ ਉਠਾਇਆ ਹੈ ਕਿ ਇੰਨਾ ਸਮਾਂ ਗੁਜ਼ਰ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਇਸ ਦੇ ਰੋਸ ਵਜੋਂ ਫੂਲਕਾ ਨੇ ਅਸਤੀਫਾ ਦੇ ਦਿੱਤਾ ਹੈ ਤੇ ਕੀ ਹੁਣ ਕਾਂਗਰਸੀ ਮੰਤਰੀ ਵੀ ਜ਼ਮੀਰ ਦੀ ਆਵਾਜ਼ ਸੁਣ ਕੇ ਅਸਤੀਫਾ ਦੇਣਗੇ।

‘ਆਪ’ ਦੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ’ਚ ਅਸਫ਼ਲ ਰਹੇ ਕਾਂਗਰਸ ਦੇ ਪੰਜ ਮੰਤਰੀ ਅਸਤੀਫਾ ਦੇਣ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਸਦਨ ਵਿੱਚ ‘ਝੋਲੀਆਂ’ ਅੱਡ ਕੇ ਵਾਸਤੇ ਪਾ ਰਹੇ ਸਨ। ਉਨ੍ਹਾਂ ਕਿਹਾ ਕਿ ‘ਆਪ’ ਦੇ ਸੀਨੀਅਰ ਆਗੂ ਤੇ ਵਿਧਾਇਕ ਐਚਐਸ. ਫੂਲਕਾ ਨੇ ਆਪਣਾ ਵਚਨ ਨਿਭਾਉਂਦਿਆਂ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਹੁਣ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਵੀ ਅਸਤੀਫ਼ੇ ਦੇਣ ਦੀ ਹਿੰਮਤ ਦਿਖਾਉਣ। ਉਨ੍ਹਾਂ ਸਪਸ਼ਟ ਕੀਤਾ ਕਿ ਐਡਵੋਕੇਟ ਫੂਲਕਾ ਨੇ ਬਾਦਲਾਂ, ਸੁਮੇਧ ਸਿੰਘ ਸੈਣੀ ਤੇ ਹੋਰਾਂ ਵਿਰੁੱਧ ਕੈਪਟਨ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੇ ਜਾਣ ’ਤੇ ਪੰਜੇ ਕਾਂਗਰਸੀ ਮੰਤਰੀਆਂ ਤੋਂ ਰੋਸ ਵਜੋਂ ਇਕੱਲਿਆਂ ਅਸਤੀਫ਼ਾ ਨਹੀਂ ਮੰਗਿਆ ਸੀ, ਸਗੋਂ ਉਨ੍ਹਾਂ ਨਾਲ ਖ਼ੁਦ ਵੀ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ ਤਾਂ ਜੋ ਕੈਪਟਨ ਉੱਪਰ ਬਾਦਲਾਂ ਤੇ ਹੋਰਾਂ ਖ਼ਿਲਾਫ਼ ਕਾਰਵਾਈ ਲਈ ਦਬਾਅ ਬਣਾਇਆ ਜਾ ਸਕੇ।