ਗਗਨਦੀਪ ਸ਼ਰਮਾ


ਅੰਮ੍ਰਿਤਸਰ: ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਨੇ ਅਕਾਲੀ ਦਲ ਤੇ ਗੰਭੀਰ ਦੋਸ਼ ਲਾਏ ਹਨ। ਔਜਲਾ ਦਾ ਕਹਿਣਾ ਹੈ ਕਿ ਪੰਜਾਬ ਦੀ ਅਫ਼ਸਰਸ਼ਾਹੀ ਬਾਦਲਾਂ ਦੇ ਦਬਦਬੇ ਹੇਠ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਅਸਰ ਹਾਈਕੋਰਟ ਵੱਲੋਂ ਦਿੱਤੇ ਫੈਸਲੇ ਵਿੱਚ ਵੀ ਦਿੱਸਿਆ, ਹਾਈਕੋਰਟ ਪੀੜਤ ਦੀ ਬਜਾਏ ਕਥਿਤ ਦੋਸ਼ੀ ਨਾਲ ਖੜ੍ਹੀ ਦਿਖਾਈ ਦਿੱਤੀ।

ਔਜਲਾ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਦਾ ਅਫ਼ਸਰਸ਼ਾਹੀ 'ਤੇ ਅਜੇ ਵੀ ਦਬਾਅ ਹੈ। ਉਨ੍ਹਾਂ ਕਿਹਾ, "ਜਾਂਚ ਅਧਿਕਾਰੀਆਂ ਤੇ ਸੁਖਬੀਰ ਦੇ ਦਬਾਅ ਦਾ ਹੀ ਨਤੀਜਾ ਹੈ ਕਿ ਜਾਂਚ ਉਥੇ ਹੀ ਖੜ੍ਹੀ ਹੈ। ਜਿੰਨੇ ਮਾਮਲੇ ਹੋਏ ਉਨ੍ਹਾਂ ਤੇ ਅਕਾਲੀ ਲੀਡਰ ਫਸੇ, ਉਹ ਜਾਂਚ ਅੱਗੇ ਹੀ ਨਹੀਂ ਤੁਰੀ ਕਿਉਂਕਿ ਬਿਊਰੋਕ੍ਰੇਸੀ ਅੱਗੇ ਟਰਾਇਲ ਵਧਣ ਨਹੀਂ ਦਿੰਦੀ। ਬਿਕਰਮ ਮਜੀਠੀਆ ਵਾਲੇ ਮਸਲੇ ਤੇ ਕੁਝ ਨਹੀਂ ਹੋਇਆ, ਬੀਜ ਘੁਟਾਲੇ 'ਚ ਕੁਝ ਨਹੀਂ ਬਣਿਆ, ਸੀਨੀਅਰ ਅਧਿਕਾਰੀ ਮੁੱਖ ਮੰਤਰੀ ਨੂੰ ਗਲਤ ਤਸਵੀਰ ਪੇਸ਼ ਕਰਦੇ ਹਨ।"

ਔਜਲਾ ਨੇ ਕਿਹਾ, "ਬੇਅਦਬੀ ਦੇ ਮੁੱਦੇ ਨੇ ਜਾਂਚ ਕਰ ਰਹੀ ਐਸਆਈਟੀ ਵਿੱਚ ਕੁੰਵਰ ਵਿਜੇ ਪ੍ਰਤਾਪ ਨੂੰ ਇਸ ਕਰਕੇ ਲਿਆਂਦਾ ਗਿਆ ਸੀ ਕਿਉਂਕਿ ਉਹ ਇਮਾਨਦਾਰ ਸੀ ਪਰ ਐਸਆਈਟੀ ਦੇ ਅਧਿਕਾਰੀਆਂ ਨੇ ਕੁੰਵਰ ਵਿਜੇ ਪ੍ਰਤਾਪ ਨਾਲ ਸਹਿਯੋਗ ਨਹੀਂ ਕੀਤਾ। ਉਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਸੀ।"

ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਬੋਲਦੇ ਹੋਏ ਔਜਲਾ ਨੇ ਕਿਹਾ, "ਸਿੱਧੂ ਪਾਰਟੀ ਦੇ ਸੀਨੀਅਰ ਆਗੂ ਹਨ ਤੇ ਇਹ ਮਸਲਾ ਪਾਰਟੀ ਹਾਈਕਮਾਂਡ ਦੇਖ ਰਹੀ ਹੈ ਪਰ ਆਗੂਆਂ ਨੂੰ ਆਪਣੀ ਗੱਲ ਮੀਡੀਆ 'ਚ ਰੱਖਣ ਦੀ ਬਜਾਏ ਪਾਰਟੀ ਪਲੇਟਫਾਰਮ 'ਤੇ ਰੱਖਣੀ ਚਾਹੀਦੀ ਹੈ।"