ਮਹਿਤਾਬ-ਉਦ-ਦੀਨ


ਚੰਡੀਗੜ੍ਹ: ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ’ਚ ‘ਸਿੱਖ ਇਤਿਹਾਸ ਖੋਜ ਕੇਂਦਰ’ ਵਿਖੇ ਸਥਾਪਤ ਪੰਜ ਗੈਲਰੀਆਂ ਦੀ ਉਸਾਰੀ ਦਾ ਕੰਮ 2019 ’ਚ ਹੀ ਮੁਕੰਮਲ ਹੋ ਗਿਆ ਸੀ ਪਰ ਫਿਰ ਕੋਰੋਨਾ ਵਾਇਰਸ ਦੀ ਮਹਾਮਾਰੀ ਦਾ ਪਰਛਾਵਾਂ ਕੁਝ ਅਜਿਹਾ ਪਿਆ ਕਿ ਉਨ੍ਹਾਂ ਗੈਲਰੀਆਂ ਦਾ ਉਦਘਾਟਨ ਹਾਲੇ ਤੱਕ ਨਹੀਂ ਹੋ ਸਕਿਆ। ਇਹ ਗੈਲਰੀਆਂ ਦਰਅਸਲ, ‘ਸਿੱਖ ਇਤਿਹਾਸ ਖੋਜ ਕੇਂਦਰ’ ’ਚ ਸਥਾਪਤ ਅਜਾਇਬਘਰ ਦਾ ਹਿੱਸਾ ਹਨ।


ਇਨ੍ਹਾਂ ਗੈਲਰੀਆਂ ਵਿੱਚ ਦੁਰਲੱਭ ਕਲਾ-ਕ੍ਰਿਤਾਂ, ਹੱਥ-ਲਿਖਤਾਂ, ਪੇਂਟਿੰਗਜ਼ ਤੇ 18 ਤੇ 19ਵੀਂ ਸਦੀ ਦੀਆਂ ਹੋਰ ਇਤਿਹਾਸਕ ਵਸਤਾਂ ਮੌਜੂਦ ਹਨ। ਖ਼ਾਲਸਾ ਕਾਲਜ ਦੇ ਸਿੱਖ ਇਤਿਹਾਸ ਤੇ ਖੋਜ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਗੈਲਰੀਆਂ ਆਮ ਜਨਤਾ ਲਈ ਖੋਲ੍ਹ ਦਿੱਤੀਆਂ ਜਾਣੀਆਂ ਸਨ ਪਰ ਲੌਕਡਾਊਨ ਕਾਰਨ ਇਨ੍ਹਾਂ ਦਾ ਉਦਘਾਟਨ ਹੀ ਸੰਭਵ ਨਹੀਂ ਹੋ ਸਕਿਆ।


ਪਿਛਲੇ ਡੇਢ ਸਾਲ ਤੋਂ ਵੀ ਵੱਧ ਸਮੇਂ ਤੋਂ ਸਿੱਖ ਇਤਿਹਾਸ ਨਾਲ ਸਬੰਧਤ ਵਡਮੁੱਲੀਆਂ ਵਸਤਾਂ ਨੂੰ ਅਜਾਇਬਘਰ ਵਿੱਚ ਬਹਾਲ ਕਰਨ ਤੇ ਉਨ੍ਹਾਂ ਨੂੰ ਸਜਾਉਣ ਦਾ ਕੰਮ ਕੋਰੋਨਾ ਮਹਾਮਾਰੀ ਦੀਆਂ ਪਾਬੰਦੀਆਂ ਕਾਰਣ ਬਹੁਤ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ। ਚਾਰ-ਚਾਰ ਮੈਂਬਰਾਂ ਦੀਆਂ ਦੋ ਵੱਖੋ-ਵੱਖਰੀਆਂ ਟੀਮਾਂ ਇਨ੍ਹਾਂ ਗੈਲਰੀਆਂ ਨੂੰ ਤਿਆਰ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ।


ਡਾ. ਢਿਲੋਂ ਨੇ ਦੱਸਿਆ ਕਿ ਇਨ੍ਹਾਂ ਗੈਲਰੀਆਂ ਦੀ ਸਥਾਪਨਾ ਨਵੰਬਰ 2019 ’ਚ ਹੋ ਚੁੱਕੀ ਸੀ। ਹੱਥ-ਲਿਖਤਾਂ ਦੀ ਬਹਾਲੀ ਦੀ ਪ੍ਰਕਿਰਿਆ ਵੀ ਕੀਤੀ ਗਈ ਹੈ ਪਰ ਤਦ ਹੀ ਲੌਕਡਾਊਨ ਐਲਾਨ ਦਿੱਤਾ ਗਿਆ। ਉਨ੍ਹਾਂ ਆਸ ਪ੍ਰਗਟਾਈ ਕਿ ਅਜਾਇਬਘਰ ਦਾ ਇਹ ਹਿੱਸਾ ਵੀ ਛੇਤੀ ਹੀ ਆਮ ਜਨਤਾ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਜਾਵੇਗਾ।


ਕੇਂਦਰ ਸਰਕਾਰ ਵੱਲੋਂ ਵੀ 650 ਸਿੱਖ ਹੱਥ–ਲਿਖਤਾਂ ਦੇ ਸੰਗ੍ਰਹਿ ਨੂੰ ਦਰੁਸਤ ਕੀਤਾ ਗਿਆ ਹੈ, ਇਨ੍ਹਾਂ ਸਾਰੇ ਦਸਤਾਵੇਜ਼ਾਂ ਦਾ ਇਤਿਹਾਸਕ ਮਹੱਤਵ ਹੈ। ਹੈਦਰਾਬਾਦ ਸਥਿਤ ਸਿੱਖ ਵਿਰਾਸਤੀ ਫ਼ਾਊਂਡੇਸ਼ਨ ਦੇ ਕਨਵੀਨਰ ਸੱਜਣ ਸਿੰਘ ਅਤੇ ਹੈਦਰਾਬਾਦ ਸਥਿਤ ਸਲਾਰ ਜੰਗ ਅਜਾਇਬਘਰ ਦੇ ਮਾਹਿਰਾਂ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੀਆਂ ਇਨ੍ਹਾਂ ਗੈਲਰੀਆਂ ’ਚ ਮੌਜੂਦ ਕਲਾ-ਕ੍ਰਿਤਾਂ ਨੂੰ ਵੇਖਣਯੋਗ ਬਣਾਉਣ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ।


ਮਾਹਿਰਾਂ ਅਨੁਸਾਰ ਸਿੱਖ ਮਿਸਲ ਕਾਲਜ ਦੇ ਸ਼ਸਤਰ ਇਕੱਠੇ ਕੀਤੇ ਗਏ ਹਨ ਤੇ ਉਨ੍ਹਾਂ ਦੀ ਬਹਾਲੀ ਦਾ ਕੰਮ ਵੀ ਬਹੁਤ ਬਾਰੀਕੀ ਨਾਲ ਕੀਤਾ ਗਿਆ ਹੈ। ਹੱਥ-ਲਿਖਤਾਂ ਨੂੰ ਵੀ ਬਹੁਤ ਧਿਆਨ ਨਾਲ ਵੇਖਣਯੋਗ ਬਣਾਇਆ ਗਿਆ ਹੈ। ਇਨ੍ਹਾਂ ਸ਼ਸਤਰਾਂ ਵਿੱਚ 18ਵੀਂ ਤੇ 19ਵੀਂ ਸਦੀ ਦੀਆਂ ਕ੍ਰਿਪਾਨਾਂ, ਬੰਦੂਕਾਂ, ਤੀਰ-ਕਮਾਨ ਵੀ ਮੌਜੂਦ ਹਨ।


ਇਸ ਕੇਂਦਰ ’ਚ 6,274 ਕਿਤਾਬਾਂ ਹਨ; ਜਿਨ੍ਹਾਂ ਵਿੱਚੋਂ ਕੁਝ ਅੰਗ੍ਰੇਜ਼ੀ ਤੇ ਪੰਜਾਬੀ ਦੀਆਂ ਦੁਰਲੱਭ ਪੁਸਤਕਾਂ ਹਨ ਤੇ ਸੈਂਕੜੇ ਹੱਥ-ਲਿਖਤਾਂ ਹਨ। ਇਨ੍ਹਾਂ ਤੋਂ ਇਲਾਵਾ ਫ਼ਾਰਸੀ, ਉਰਦੂ, ਸੰਸਕ੍ਰਿਤ ਜਿਹੀਆਂ ਭਾਸ਼ਾਵਾਂ ਦੇ ਵੀ ਕੁਝ ਦਸਤਾਵੇਜ਼ ਮੌਜੂਦ ਹਨ।


ਇਹ ਪੰਜ ਗੈਲਰੀਆਂ ਸਿੱਖ ਗੁਰੂ ਸਾਹਿਬਨ ਦੇ ਜੁੱਗ ਨੂੰ ਵੀ ਦਰਸਾਉਂਦੀਆਂ ਹਨ। ਇੱਥੇ ਕੁਝ ਯੂਰਪੀਅਨ ਤੇ ਭਾਰਤੀ ਕਲਾਕਾਰਾਂ ਵੱਲੋਂ ਬਣਾਈਆਂ ਦੁਰਲੱਭ ਪੇਂਟਿੰਗਜ਼ ਵੀ ਮੌਜੂਦ ਹਨ। ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਨੂੰ ਦਰਸਾਉਂਦੀਆਂ ਪੇਂਟਿੰਗਜ਼ ਆਪਣੀ ਕਹਾਣੀ ਬਿਆਨ ਕਰਦੀਆਂ ਦਿਸਦੀਆਂ ਹਨ। ਇਨ੍ਹਾਂ ਦੇ ਨਾਲ ਹੀ ਰਾਗਮਾਲਾ ਪੇਂਟਿੰਗਜ਼, ਮਿਸਲ ਕਾਲ ਦੇ ਵੇਰਵੇ ਤੇ ਪਾਕਿਸਤਾਨ ਸਥਿਤ ਗੁਰੂਘਰਾਂ ਦੀਆਂ ਤਸਵੀਰਾਂ ਵੀ ਮੌਜੂਦ ਹਨ।