ਰੰਧਾਵਾ ਦੇ ਫੋਨ 'ਤੇ ਲਾਈਵ ਰਹਿਣਗੀਆਂ ਜੇਲ੍ਹਾਂ
ਏਬੀਪੀ ਸਾਂਝਾ | 01 May 2018 04:20 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਨਵੇਂ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਐਕਸ਼ਨ ਵਿੱਚ ਆ ਗਏ ਹਨ। ਰੰਧਾਵਾ ਨੇ ਨਵੇਂ ਦਿਸ਼ਾ-ਨਿਰਦੇਸ਼ ਦਿੱਤੇ ਹਨ ਜਿਸ ਤਹਿਤ ਹੁਣ ਜੇਲ੍ਹ ਮੰਤਰੀ ਦੇ ਫੋਨ 'ਤੇ ਜੇਲ੍ਹਾਂ ਲਾਈਵ ਰਹਿਣਗੀਆਂ। ਸਾਰੀਆਂ ਜੇਲ੍ਹਾਂ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੀ ਆਊਟਪੁੱਟ ਮੰਤਰੀ ਨੂੰ ਲਾਈਵ ਮਿਲੇਗੀ। ਇਸ ਨਾਲ ਗੜਬੜ ਕਰਨ ਵਾਲੇ 'ਤੇ ਤੁਰੰਤ ਐਕਸ਼ਨ ਹੋਵੇਗਾ। ਰੰਧਾਵਾ ਨੇ ਕਿਹਾ ਕਿ ਜੇਲ੍ਹ ਲਈ ਨਵੇਂ 500 ਮੁਲਾਜ਼ਮ ਭਰਤੀ ਹੋਣਗੇ। 400 ਪਹਿਲਾਂ ਭਰਤੀ ਹੋਏ ਹਨ। ਜੇਲ੍ਹ ਨੂੰ ਜੈਮਰ, ਸੀਸੀਟੀਵੀ, ਹੋਰ ਸਾਜ਼ੋ ਸਾਮਾਨ ਵੀ ਜਲਦ ਮਿਲਗਾ। ਜੇਲ੍ਹ ਵਿੱਚ ਕੈਦੀਆਂ ਦੀ ਪੜ੍ਹਾਈ ਵੱਲ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਏ ਕੈਟਾਗਿਰੀ ਦੇ 90 ਦੇ ਕਰੀਬ ਹਾਰਡ ਕੋਰ ਕ੍ਰਿਮੀਨਲ ਹਨ। ਜੇਲ੍ਹਾਂ ਵਿੱਚ 1500 ਦੇ ਕਰੀਬ ਐਚਆਈਵੀ ਮਰੀਜ਼ ਹਨ। ਉਨ੍ਹਾਂ ਦਾ ਵੀ ਚੰਗੀ ਤਰ੍ਹਾਂ ਇਲਾਜ ਕਰਵਾਇਆ ਜਾਵੇਗਾ। ਕੈਦੀਆਂ ਲਈ ਸਿਹਤ ਬੀਮਾ ਸਕੀਮ ਵੀ ਸ਼ੁਰੂ ਹੋਏਗੀ। ਪਿਛਲੇ ਸਾਲ ਜੇਲ੍ਹਾਂ ਵਿੱਚੋਂ 1500 ਮੋਬਾਈਲ ਫੜੇ ਗਏ ਹਨ। ਹੁਣ ਜੇਲ੍ਹ ਵਿੱਚ ਸਿਰਫ ਜੇਲ੍ਹ ਸੁਪਰਡੈਂਟ ਹੀ ਫੋਨ ਲਿਜਾ ਸਕੇਗਾ। ਬਾਕੀ ਮੁਲਾਜ਼ਮਾਂ ਦੇ ਫੋਨਾਂ 'ਤੇ ਪਾਬੰਦੀ ਲੱਗੀ ਹੈ। ਇਸ ਤੋਂ ਇਲਾਵਾ ਜੇਲ੍ਹ ਦੀ ਰੋਟੀ ਆਮ ਲੋਕ ਖਾ ਸਕਣਗੇ। ਜੇਲ੍ਹ ਦਾ ਖਾਣਾ ਖਾਣ ਦੇ ਚਾਹਵਾਨਾਂ ਲਈ ਵਿਸ਼ੇਸ਼ ਕੰਟੀਨ ਬਣੇਗੀ। ਇਹ ਮਾਨਤਾ ਹੈ ਕਿ ਜੇਲ੍ਹ ਦੀ ਰੋਟੀ ਖਾਣ ਤੋਂ ਬਾਅਦ ਕੋਈ ਵਿਅਕਤੀ ਜੇਲ੍ਹ ਨਹੀਂ ਜਾਂਦਾ। ਸੰਕਟ ਸਮੇਂ ਅਕਸਰ ਲੋਕ ਜੇਲ੍ਹ ਵਿੱਚੋਂ ਰੋਟੀ ਮੰਗਾ ਕੇ ਖਾਂਦੇ ਹਨ।