ਪੰਚਕੁਲਾ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਚਕੁਲਾ ਹਿੰਸਾ ਸਬੰਧੀ ਪਹਿਲੇ ਕੇਸ (ਐਫਆਈਆਰ 415) ਦੀ ਸੁਣਵਾਈ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਰਿਤੂ ਟੈਗੋਰ ਨੇ 6 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ਮੁਲਜ਼ਮਾਂ ’ਤੇ ਬੀਤੇ ਵਰ੍ਹੇ 25 ਅਗਸਤ ਨੂੰ ਹਿੰਸਾ ਦੌਰਾਨ ਦੰਗੇ ਤੇ ਝੜਪ ਦੇ ਦੋਸ਼ ਲੱਗੇ ਸੀ। ਬਰੀ ਕੀਤੇ ਮੁਲਜ਼ਮਾਂ ਦੀ ਪਛਾਣ ਹੁਸ਼ਿਆਰ ਸਿੰਘ (ਕੈਥਲ), ਰਾਮ ਕਿਸ਼ਨ (ਕਰਨਾਲ), ਰਵੀ ਕੁਮਾਰ (ਮੁਕਤਸਰ) ਤੇ ਸੰਗਾ, ਗਿਆਨੀ ਰਾਮ ਤੇ ਤਰਸੇਮ ਵਾਸੀਆਨ ਸੰਗਰੂਰ ਵਜੋਂ ਹੋਈ ਹੈ।
ਬਚਾਅ ਪੱਖ ਦੇ ਵਕੀਲ ਆਰਐਸ ਚੌਹਾਨ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਲੱਗੇ ਦੋਸ਼ ਸਾਬਤ ਨਾ ਹੋਣ ਕਾਰਨ ਇਹ ਮੁਕੱਦਮਾ ਅਸਫ਼ਲ ਰਿਹਾ ਜੋ ਆਈਪੀਸੀ ਦੀ ਧਾਰਾ 148, 149 ਤੇ 379-A ਤਹਿਤ 30 ਅਗਸਤ ਨੂੰ ਪੱਤਰਕਾਰ ਵੱਲੋਂ ਦਾਇਰ ਕੀਤਾ ਗਿਆ ਸੀ।
ਇਸੇ ਦੌਰਾਨ ਮਾਮਲੇ ਦੇ ਮੁੱਖ ਦੋਸ਼ੀ, ਡੇਰੇ ਸਿਰਸਾ ਦੇ ਬੁਲਾਰਾ ਆਦਿੱਤਿਆ ਇਨਸਾਂ ਅਜੇ ਵੀ ਗਾਇਬ ਹੈ। ਉਸ ਨੂੰ ਭਗੌੜਾ ਕਰਾਰ ਦੇਣ ਦੀ ਪ੍ਰਕਿਰਿਆ ਚੱਲ਼ ਰਹੀ ਹੈ। ਕੁਝ ਮਹੀਨੇ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਸਫ਼ਲ ਰਹਿਣ ਲਈ ਹਰਿਆਣਾ ਪੁਲਿਸ ਦੀ ਖਿਚਾਈ ਵੀ ਕੀਤੀ ਸੀ। ਹਰਿਆਣਾ ਸਰਕਾਰ ਨੂੰ ਉਸ ਦੀ ਸੂਹ ਦੇਣ ਵਾਲੇ ਨੂੰ 5 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।