ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਦਹਿਸ਼ਤਗਰਦੀ, ਮੁਕਾਬਲੇ, ਅੱਤਵਾਦ ਤੇ ਬੰਦ ਵਰਗੇ ਹਾਲਾਤ ਨਾਲ ਨਜਿੱਠਣ ਲਈ ਸਰਕਾਰ ਜਲਦੀ ਹੀ ਕੌਮੀ ਸੁਰੱਖਿਆ ਗਾਰਡ (NSG) ਯਾਨੀ ਬਲੈਕ ਕੈਟ ਕਮਾਂਡੋ ਤਾਇਨਾਤ ਕਰੇਗੀ। ਗ੍ਰਹਿ ਮੰਤਰਾਲੇ ਵੱਲੋਂ ਇਸ ਤਜਵੀਜ਼ ’ਤੇ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਜੰਮੂ-ਕਸ਼ਮੀਰ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ’ਤੇ ਕੌਮੀ ਸੁਰੱਖਿਆ ਗਾਰਡ ਬਲਾਂ ਨੂੰ ਭਾਰਤੀ ਫ਼ੌਜ, ਸੀਆਰਪੀਐਫ ਤੇ ਸੂਬਾ ਪੁਲਿਸ ਵਿੱਚ ਸ਼ਾਮਲ ਕੀਤਾ ਜਾ ਸਕੇ।

 

ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਹਾਲ ਹੀ ਵਿੱਚ ਤੇਲੰਗਾਨਾ ’ਚ ਐਨਐਸਜੀ ਦੇ ਇਜਲਾਸ ਦੌਰਾਨ ਕਿਹਾ ਕਿ ਸਰਕਾਰ ਯੋਜਨਾ ਬਣਾ ਰਹੀ ਹੈ ਕਿ ਦੇਸ਼ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸੁਰੱਖਿਆ ਬਲਾਂ ਦੀ ਭੂਮਿਕਾ ਕਿਵੇਂ ਵਧਾਈ ਜਾ ਸਕੇ ਅਤੇ ਬਲੈਕ ਕੈਟ ਕਮਾਂਡੋ ਦਹਿਸ਼ਤਗਰਦਾਂ ’ਤੇ ਕਾਬੂ ਪਾਉਣ ਲਈ ਵੱਡੀ ਭੂਮਿਕਾ ਨਿਭਾ ਸਕਦੇ ਹਨ।

ਇਹ ਫ਼ੈਸਲਾ ਵਾਦੀ ਵਿੱਚ ਵਧ ਰਹੀਆਂ ਅੱਤਵਾਦ ਤੇ ਮੁਕਾਬਲੇ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ ਜਿਸ ਵਿੱਚ ਮੁਲਕ ਦੇ ਕਈ ਜਵਾਨ ਸ਼ਹੀਦ ਹੋ ਗਏ ਸਨ। ਜੰਮੂ-ਕਸ਼ਮੀਰ ਦੇ ਡੀਜੀਪੀ ਐਸਪੀ ਵੈਦ ਨੇ ਦੱਸਿਆ ਦਿ ਉਹ ਇਸ ਪ੍ਰਸਤਾਵ ’ਤੇ ਕਾਰਵਾਈ ਕਰ ਰਹੇ ਹਨ ਤੇ ਜਲਦੀ ਦੀ ਉਨ੍ਹਾਂ ਨੂੰ ਇਸ ਵਿੱਚ ਕਾਮਯਾਬੀ ਮਿਲੇਗੀ। ਇਸ ਤੋਂ ਪਹਿਲਾਂ ਵੀ ਜੰਮੂ-ਕਸ਼ਮੀਰ ਵਿੱਚ ਕੌਮੀ ਸੁਰੱਖਿਆ ਗਾਰਡ ਬਲਾਂ ਦੀ ਤਾਇਨਾਤੀ ਕੀਤੀ ਜਾ ਚੁੱਕੀ ਹੈ।

ਆਮ ਤੌਰ ’ਤੇ ਇੱਕ ਛੋਟੀ ਐਨਐਸਜੀ ਟੀਮ ਪੰਜ ਕਮਾਂਡੋਆਂ ਤੋਂ ਬਣਦੀ ਹੈ ਜਿਸ ਵਿੱਚ ਬੰਬ ਮਾਹਿਰ ਤੇ ਕਰੈਕ ਨਿਸ਼ਾਨੇਬਾਜ਼ ਤੇ ਇੱਕ ਗੈਰ-ਕਮਿਸ਼ਨਡ ਅਧਿਕਾਰੀ ਸ਼ਾਮਲ ਹੁੰਦਾ ਹੈ। ਆਪਰੇਸ਼ਨ ਦੌਰਾਨ ਬਿਨਾਂ ਮਾਲੀ ਨੁਕਸਾਨ ਕੀਤਿਆਂ ਇਹ ਕਮਾਂਡੋ ਹੈਕਲਰ, ਕੋਚ ਐਮਪੀ5 ਸਬ ਮਸ਼ੀਨ ਬੰਦੂਕਾਂ, ਸਨੀਪਰ ਰਾਈਫਲ, ਰਡਾਰ ਤੇ ਸੀ-4 ਵਿਸਫੋਟਾਂ ਦਾ ਇਸਤੇਮਾਲ ਕਰਦੇ ਹਨ।

1984 ਵਿੱਚ ਅਪਰੇਸ਼ਨ ਬਲੂਸਟਾਰ ਤੋਂ ਬਾਅਦ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਲੁਕੇ ਖਾਲਿਸਤਾਨੀਆਂ ਨੂੰ ਬਾਹਰ ਕੱਢਣ ਲਈ ਐਨਐਸਜੀ ਬਲ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਵੇਲੇ ਐਨਐਸਜੀ ਵਿੱਚ ਕਰੀਬ 7,500 ਜਵਾਨ ਸੇਵਾ ਨਿਭਾਅ ਰਹੇ ਹਨ।

ਇਸ ਪਿੱਛੋਂ 26/11 ਦੇ ਮੁੰਬਈ ਅੱਤਵਾਦੀ ਹਮਲੇ, ਜਨਵਰੀ 2016 ਵਿੱਚ ਪਠਾਨਕੋਟ ਹਵਾਈ ਅੱਡੇ ’ਤੇ ਹੋਏ ਅੱਤਵਾਦੀ ਹਮਲੇ ਤੇ ਗੁਜਰਾਤ ਵਿੱਚ ਅਕਸ਼ਰਧਾਮ ਮੰਦਰ' ’ਤੇ ਹਮਲੇ ਦੌਰਾਨ ਦਹਿਸ਼ਤਗਰਦਾਂ ਨੂੰ ਖ਼ਤਮ ਕਰਨ ਤੇ ਅੱਤਵਾਦੀਆਂ ਨਾਲ ਨਜਿੱਠਣ ਲਈ ਬਲੈਕ ਕੈਟ ਕਮਾਂਡੋ ਤਾਇਨਾਤ ਕੀਤੇ ਗਏ ਸਨ।