ਗਾਂਧੀਨਗਰ: ਗੁਜਰਾਤ ਵਿਧਾਨ ਸਭਾ ਦੇ ਸਪੀਕਰ ਰਾਜੇਂਦਰ ਤ੍ਰਿਵੇਦੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੰਵਿਧਾਨ ਰਚੇਤਾ ਡਾ. ਭੀਮ ਰਾਓ ਅੰਬੇਦਕਰ ਦੀ ਜਾਤ ਬਾਰੇ ਦੱਸਣ ਲੱਗਿਆਂ ਦੇਵਤੇ ਨੂੰ ਵੀ ਨਹੀਂ ਬਖਸ਼ਿਆ। ਇੱਕ ਸਿਆਸੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਮੋਦੀ ਬ੍ਰਾਹਮਣ ਹੈ ਤੇ ਭਗਵਾਨ ਕ੍ਰਿਸ਼ਨ ਓਬੀਸੀ ਸਨ। ਇਹ ਬਿਆਨ ਉਨ੍ਹਾਂ ਨੇ ਗਾਂਧੀ ਨਗਰ ਵਿੱਚ ਕਰਾਏ ਮੈਗਾ ਬ੍ਰਾਹਮਣ ਬਿਜ਼ਨੈਸ ਸੰਮੇਲਨ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤਾ।
ਉੱਤਰੀ-ਪੱਛਮੀ ਦਿੱਲੀ ਤੋਂ ਬੀਜੇਪੀ ਸੰਸਦ ਮੈਂਬਰ ਉਦਿਤ ਰਾਜ ਨੇ ਰਾਜੇਂਦਰ ਤ੍ਰਿਵੇਦੀ ਦੇ ਬਿਆਨ ਦੀ ਤਿੱਖੀ ਅਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਤ੍ਰਿਵੇਦੀ ਦੀ ਟਿੱਪਣੀ ਗੈਰਜ਼ਰੂਰੀ ਤੇ ਇਤਰਾਜ਼ਯੋਗ ਹੈ, ਸ਼ਾਇਦ ਉਹ ਜਾਣਦੇ ਨਹੀਂ ਕਿ ਉਨ੍ਹਾਂ ਦੇ ਇਸ ਬਿਆਨ ਨਾਲ ਪਾਰਟੀ ਨੂੰ ਕਿੰਨਾ ਨੁਕਸਾਨ ਪੁੱਜੇਗਾ।
ਸੰਮੇਲਨ ਵਿੱਚ ਆਪਣੇ ਸੰਬੋਧਨ ਵਿੱਚ ਤ੍ਰਿਵੇਦੀ ਨੇ ਕਿਹਾ ਕਿ ਬ੍ਰਹਮਣ ਸੱਤਾ ਦੇ ਭੁੱਖੇ ਨਹੀਂ ਹੁੰਦੇ। ਬ੍ਰਾਹਮਣਾਂ ਨੇ ਹਮੇਸ਼ਾ ਰਾਜਿਆਂ ਦੀ ਸਫ਼ਲਤਾ ਲਈ ਉਨ੍ਹਾਂ ਦਾ ਰਸਤਾ ਤਿਆਰ ਕੀਤਾ ਹੈ। ਉਨ੍ਹਾਂ ਚੰਦਰਗੁਪਤ ਮੌਰੀਆ, ਭਗਵਾਨ ਰਾਮ ਤੇ ਭਗਵਾਨ ਕ੍ਰਿਸ਼ਨ ਦੀ ਮਿਸਾਲ ਦਿੰਦਿਆਂ ਕਿਹਾ ਕਿ ਭਗਵਾਨ ਵੀ ਬ੍ਰਹਮਣਾਂ ਨੇ ਹੀ ਬਣਾਏ ਹਨ। ਭਗਵਾਨ ਇੱਕ ਕਸ਼ੱਤਰੀ ਸੀ ਪਰ ਰਿਸ਼ੀਆਂ ਮੁਨੀਆਂ ਨੇ ਉਨ੍ਹਾਂ ਨੂੰ ਭਗਵਾਨ ਦਾ ਦਰਜਾ ਦਿੱਤਾ। ਇਸੇ ਤਰ੍ਹਾਂ ਗੋਕੁਲ ਦੇ ਚਰਵਾਹੇ (ਕ੍ਰਿਸ਼ਨ), ਜੋ ਇੱਕ ਓਬੀਸੀ ਸੀ, ਨੂੰ ਵੀ ਸੰਦੀਪਨੀ ਰਿਸ਼ੀ ਨੇ ਭਗਵਾਨ ਬਣਾਇਆ।
ਵੜੋਦਰਾ ਦੇ ਰਾਜਪੁਰਾ ਤੋਂ ਬੀਜੇਪੀ ਵਿਧਾਇਕ ਨੇ ਅੱਗੇ ਕਿਹਾ ਕਿ ਹਰ ਪੜ੍ਹਿਆ-ਲਿਖਿਆ ਇਨਸਾਨ ਬ੍ਰਾਹਮਣ ਹੁੰਦਾ ਹੈ। ਉਨ੍ਹਾਂ ਡਾ. ਭੀਮ ਰਾਓ ਅੰਬੇਦਕਰ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਬਗ਼ੈਰ ਝਿਜਕ ਬ੍ਰਾਹਮਣ ਦੱਸਿਆ। ਇਸ ਪਿੱਛੋਂ ਉਨ੍ਹਾਂ ਦੇਸ਼ ਦੇ ਬ੍ਰਹਮਣ ਸਮਾਜ ਦੀਆਂ ਪ੍ਰਾਪਤੀਆਂ ਦੀ ਵੀ ਗਿਣਤੀ ਕਰਵਾਈ।