ਨਵੀਂ ਦਿੱਲੀ: ਕਠੂਆ ਮਾਮਲੇ ਮਗਰੋਂ ਜੰਮੂ-ਕਸ਼ਮੀਰ ਵਿੱਚ ਬੀਜੇਪੀ-ਪੀਡੀਪੀ ਦੇ ਗਠਜੋੜ ਵਾਲੀ ਸਰਕਾਰ ਵਿੱਚ ਅੱਜ ਵੱਡਾ ਫੇਰਬਦਲ ਕੀਤਾ ਗਿਆ। ਡਿਪਟੀ ਸੀਐਮ ਨਿਰਮਲ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਵਿਧਾਨ ਸਭਾ ਸਪੀਕਰ ਕਵਿੰਦਰ ਗੁਪਤਾ ਨੂੰ ਨਵਾਂ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਨਿਰਮਲ ਸਿੰਘ ਨੂੰ ਵਿਧਾਨ ਸਭਾ ਸਪੀਕਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

 

ਇਸ ਤੋਂ ਇਲਾਵਾ ਕਠੁਆ ਦੇ ਵਿਧਾਇਕ ਰਾਜੀਵ ਜਸਰੋਤੀਆ ਸਣੇ ਬੀਜੇਪੀ ਦੇ 6 ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ। ਪੀਡੀਪੀ ਦੇ ਵੀ ਦੋ ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਬੀਜੇਪੀ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਦੱਸਿਆ ਕਿ ਮੰਤਰੀ ਮੰਡਲ ਵਿੱਚ ਕੀਤੇ ਫੇਰਬਦਲ ਦਾ ਕਠੁਆ ਵਿੱਚ ਹੋਈ ਘਟਨਾ ਨਾਲ ਕੋਈ ਵਾਸਤਾ ਨਹੀਂ। ਉਨ੍ਹਾਂ ਦੀ ਸਰਕਾਰ 3 ਸਾਲ ਪੂਰੇ ਕਰ ਚੁੱਕੀ ਹੈ ਤੇ ਉਹ ਨਵੇਂ ਚਿਹਰਿਆਂ ਨੂੰ ਮੌਕਾ ਦੇਣਾ ਚਾਹੁੰਦੇ ਸਨ।

ਜ਼ਿਕਰਯੋਗ ਹੈ ਕਿ ਕਠੂਆ ਗੈਂਗਰੇਪ ਮਾਮਲੇ ਵਿੱਚ ਬੀਜੇਪੀ ਦੇ ਦੋ ਮੰਤਰੀਆਂ ਵੱਲੋਂ ਅਸਤੀਫ਼ਾ ਦੇਣ ਪਿੱਛੋਂ ਬੀਜੇਪੀ ਨੇ 17 ਅਪਰੈਲ ਨੂੰ ਸੂਬਾ ਸਰਕਾਰ ਵਿੱਚ ਆਪਣੇ ਸਾਰੇ 9 ਮੰਤਰੀਆਂ ਨੂੰ ਅਸਤੀਫ਼ਾ ਦੇਣ ਲਈ ਕਿਹਾ ਸੀ। ਐਤਵਾਰ ਨੂੰ ਨਵੇਂ ਮੰਤਰੀ ਮੰਡਲ ਨੂੰ ਅੰਤਿਮ ਰੂਪ ਦੇਣ ਲਈ ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਦਿੱਲੀ ਪੁੱਜੇ ਸਨ। ਇਸ ਪਿੱਛੋਂ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ।

ਦੁਪਹਿਰ ਬਾਅਦ ਵਿਧਾਨ ਸਭਾ ਸਪੀਕਰ ਕਵਿੰਦਰ ਗੁਪਤਾ ਨੂੰ ਵੀ ਦਿੱਲੀ ਬੁਲਾਇਆ ਗਿਆ ਹੈ। ਜੰਮੂ-ਕਸ਼ਮੀਰ ਵਿੱਚ ਮੁੱਖ ਮੰਤਰੀ ਸਣੇ ਕੁੱਲ 25 ਮੰਤਰੀ ਹੋ ਸਕਦੇ ਹਨ। ਮੌਜੂਦਾ ਪੀਡੀਪੀ ਦੇ ਖ਼ਾਤੇ ਵਿੱਚ 14 ਮੰਤਰੀ ਤੇ ਬੀਜੇਪੀ ਦੇ 11 ਮੰਤਰੀ ਹਨ।