ਨਵੀਂ ਦਿੱਲੀ: ਬੀਤੇ ਕੱਲ੍ਹ ਦਿੱਲੀ ਦੇ ਏਮਜ਼ ਤੋਂ ਡਿਸਚਾਰਜ ਹੋ ਕੇ ਰਾਂਚੀ ਜਾ ਰਹੇ ਲਾਲੂ ਯਾਦਵ ਦੀ ਰੇਲ ਗੱਡੀ ’ਚ ਬੈਠਿਆਂ ਅਚਾਨਕ ਰਸਤੇ ਵਿੱਚ ਹੀ ਸਿਹਤ ਵਿਗੜ ਗਈ। ਯੂਪੀ ਦੇ ਕਾਨ੍ਹਪੁਰ ਸੈਂਟਰਲ ਸਟੇਸ਼ਨ ’ਤੇ ਹੀ ਦੋ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਚੈਕਅਪ ਕੀਤਾ। ਸਿਹਤ ਜਾਂਚ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਦਾ ਬਲੱਡ ਪਰੈਸ਼ਰ ਤੇ ਸ਼ੂਗਰ ਵਧੇ ਹੋਏ ਸੀ। ਜਾਂਚ ਪਿੱਛੋਂ ਲਾਲੂ ਨੂੰ ਫਿਰ ਰੇਲ ਗੱਡੀ ਵਿੱਚ ਬਿਠਾ ਦਿੱਤਾ ਗਿਆ।

 

ਲਾਲੂ ਯਾਦਵ ਰੈਜਧਾਨੀ ਐਕਸਪ੍ਰੈੱਸ ਦੇ AC ਪਹਿਲੇ ਦਰਜੇ ਦੇ ਕੋਚ H1 ਵਿੱਚ ਸਵਾਰ ਸਨ। ਉਨ੍ਹਾਂ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਸਿਹਤ ਪੂਰੀ ਤਰ੍ਹਾਂ ਠੀਕ ਨਹੀਂ ਫਿਰ ਵੀ ਉਨ੍ਹਾਂ ਨੂੰ ਏਮਜ਼ ਤੋਂ ਛੁੱਟੀ ਦੇ ਦਿੱਤੀ ਗਈ। ਇਹ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਰਚੀ ਜਾ ਰਹੀ ਹੈ। ਲਾਲੂ ਨੇ ਕਿਹਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਸਿਆਸੀ ਦਬਾਅ ਕਾਰਨ ਸ਼ਿਫਟ ਕੀਤਾ ਹੈ। ਉਨ੍ਹਾਂ ਏਮਜ਼ ਦੇ ਡਾਇਰੈਕਟਰ ਨੂੰ ਚਿੱਠੀ ਲਿਖ ਕੇ ਕਿਹਾ ਕਿ ਜੋ ਮੈਨੂੰ ਕੁਝ ਹੋਇਆ ਤਾਂ ਇਸ ਲਈ ਏਮਜ਼ ਜ਼ਿੰਮੇਵਾਰ ਹੋਵੇਗਾ।

ਰਾਹੁਲ ਗਾਂਧੀ ਨੇ ਪੁੱਛਿਆ ਲਾਲੂ ਦਾ ਹਾਲ, ਅਮਿਤ ਸ਼ਾਹ ਨੇ ਰਾਹੁਲ ਤੇ ਸਾਧਿਆ ਨਿਸ਼ਾਨਾ  

ਕੱਲ੍ਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਏਮਜ਼ ਵਿੱਚ ਲਾਲੂ ਯਾਦਵ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਹਾਲ਼-ਚਾਲ ਪੁਛਿਆ ਸੀ ਜਿਸ ’ਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਰਾਹੁਲ ’ਤੇ ਨਿਸ਼ਾਨਾ ਕੱਸਿਆ। ਅਮਿਤ ਸ਼ਾਹ ਨੇ ਕਿਹਾ ਕਿ ਕੀ ਰਾਹੁਲ ਭ੍ਰਿਸ਼ਟਾਚਾਰ ਲਈ ਸਜ਼ਾ ਕਟ ਰਹੇ ਲਾਲੂ ਨਾਲ ਮਿਲ ਕੇ ਭ੍ਰਿਸ਼ਟਾਚਾਰ ਦੇ ਮੁਕਾਬਲਾ ਕਰੇਗਾ?

ਜ਼ਿਕਰਯੋਗ ਹੈ ਕਿ ਲਾਲੂ ਯਾਦਵ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਚਾਰਾ ਘੋਟਾਲੇ ਵਿੱਚ ਦੋਸ਼ੀ ਕਰਾਰ ਦੇਣ ਪਿੱਛੋਂ ਉਹ ਪਿਛਲੇ ਸਾਲ 23 ਦਸੰਬਰ ਤੋਂ ਰਾਂਚੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ।  ਛਾਤੀ ’ਚ ਦਰਦ ਤੇ ਘਬਰਾਹਟ ਹੋਣ ਕਾਰਨ  ਉਨ੍ਹਾਂ ਨੂੰ 29 ਮਾਰਚ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ।