ਚੰਡੀਗੜ੍ਹ: ਪੰਜਾਬ ਦੀ ਲੀਡਰਸ਼ਿਪ ਤੋਂ ਨਰਾਜ਼ ਕੈਬਨਿਟ ਮੰਤਰੀ ਨਵਜੋਤ ਸਿੱਧੂ ਆਖਰ ਅੱਜ ਪ੍ਰਚਾਰ ਲਈ ਮੁੱਖ ਵਿਰੋਧੀ ਬਾਦਲਾਂ ਦੇ ਗੜ੍ਹ ਵਿੱਚ ਪਹੁੰਚ ਹੀ ਗਏ। ਸਿੱਧੂ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਬਠਿੰਡਾ ਰੈਲੀ ਵਿੱਚ ਆਏ। ਇੱਥੇ ਉਨ੍ਹਾਂ ਐਲਾਨ ਕੀਤਾ ਕਿ 17 ਮਈ ਨੂੰ ਬਠਿੰਡਾ 'ਚ ਹੀ ਰਾਜਾ ਵੜਿੰਗ ਲਈ ਰੈਲੀਆਂ ਕਰਨਗੇ। ਸਿੱਧੂ ਨੇ ਕਿਹਾ ਕਿ ਰਾਜਾ ਵੜਿੰਗ ਕਹੇ ਤਾਂ 10 ਰੈਲੀਆਂ ਕਰ ਦੇਣਗੇ। ਬਠਿੰਡਾ ਰੈਲੀ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ। ਯਾਦ ਰਹੇ ਨਵਜੋਤ ਸਿੱਧੀ ਆਪਣੀ ਪਤਨੀ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਕਰਕੇ ਖਫਾ ਸੀ। ਉਨ੍ਹਾਂ ਦੀ ਪਤਨੀ ਨੇ ਸਪਸ਼ਟ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਦੇ ਵਿਰੋਧ ਕਰਕੇ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ। ਇਸ ਕਰਕੇ ਸਿੱਧੂ ਨੇ ਪੰਜਾਬ ਦੀ ਬਜਾਏ ਦੇਸ਼ ਦੇ ਹੋਰ ਸੂਬਿਆਂ ਵਿੱਚ ਹੀ ਚੋਣ ਪ੍ਰਚਾਰ ਕੀਤਾ। ਸਿੱਧੂ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਕੁਝ ਉਮੀਦਵਾਰਾਂ ਨੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਚੋਣ ਪ੍ਰਚਾਰ ਕਰਨ ਲਈ ਬੇਨਤੀ ਜ਼ਰੂਰ ਕੀਤੀ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਵੱਲੋਂ ਚੋਣ ਪ੍ਰਚਾਰ ਲਈ ਕੋਈ ਸੱਦਾ ਨਹੀਂ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਸੰਗਰੂਰ, ਬਠਿੰਡਾ, ਪਟਿਆਲਾ, ਫ਼ਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਹੋਰਨਾਂ ਕਈ ਹਲਕਿਆਂ ਦੇ ਸਥਾਨਕ ਆਗੂਆਂ ਅਤੇ ਵਿਧਾਇਕਾਂ ਇੱਥੋਂ ਤੱਕ ਕਿ ਕਈ ਉਮੀਦਵਾਰਾਂ ਨੇ ਨਵਜੋਤ ਸਿੰਘ ਸਿੱਧੂ ਤੋਂ ਚੋਣ ਪ੍ਰਚਾਰ ਕਰਾਉਣ ਦੀ ਮੰਗ ਰੱਖੀ ਸੀ, ਜੋ ਪ੍ਰਵਾਨ ਨਹੀਂ ਚੜ੍ਹੀ। ਯਾਦ ਰਹੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਕੁਝ ਦਿਨ ਬਠਿੰਡਾ ਤੇ ਖਡੂਰ ਸਾਹਿਬ ਸੰਸਦੀ ਹਲਕਿਆਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਸਬੰਧ ਸੁਖਾਵੇਂ ਨਹੀਂ ਹਨ। ਮੋਗਾ ਰੈਲੀ ਤੋਂ ਬਾਅਦ ਦੋਹਾਂ ਦਰਮਿਆਨ ਦੂਰੀਆਂ ਵਧ ਗਈਆਂ ਹਨ।