ਚੰਡੀਗੜ੍ਹ: ਪੰਜਾਬੀਆਂ ਲਈ ਹੁਣ ਅਮਰੀਕਾ ਦਾ ਪੈਂਡਾ ਔਖਾ ਹੋ ਗਿਆ ਹੈ। ਰਾਸ਼ਟਰਪਤੀ ਡੌਨਾਲਡ ਟਰੰਪ ਦੀ ਸਖਤੀ ਤੋਂ ਬਾਅਦ ਗੈਰ ਕਾਨੂੰਨੀ ਤਰੀਕੇ ਨਾਲ ਵੀ ਅਮਰੀਕਾ ਜਾਣ ਦੇ ਰਾਹ ਬੰਦ ਹੁੰਦੇ ਜਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਅਮਰੀਕੀ ਦਬਾਅ ਹੇਠ ਮੈਕਸਿਕੋ ਤੋਂ 311 ਭਾਰਤੀਆਂ ਨੂੰ ਵਾਪਸ ਭੇਜਣਾ ਹੈ। ਦਰਅਸਲ ਗੈਰਕਾਨੂੰਨੀ ਪਰਵਾਸੀ ਮੈਕਸਿਕੋ ਸਰਹੱਦ ਨਾਲ ਕੰਧ ਟੱਪ ਕੇ ਅਮਰੀਕਾ ਵਿੱਚ ਦਾਖਲ ਹੁੰਦੇ ਹਨ ਪਰ ਟਰੰਪ ਨੇ ਮੈਕਸਿਕੋ ਸਰਹੱਦ ਨੂੰ ਸੀਲ ਕਰ ਦਿੱਤਾ ਹੈ।
ਹਾਸਲ ਜਾਣਕਾਰੀ ਮੁਤਾਬਕ ਅਮਰੀਕਾ ’ਚ ਦਾਖਲ ਹੋਣ ਲਈ ਟਰੈਵਲ ਏਜੰਟਾਂ ਵੱਲੋਂ ਪੰਜ ਅਜਿਹੇ ਰੂਟ ਤਿਆਰ ਕੀਤੇ ਗਏ ਹਨ ਜਿਨ੍ਹਾਂ ਵਿੱਚ ਜਾਨ ਦਾ ਖਤਰਾ ਹਮੇਸ਼ਾਂ ਹੀ ਬਣਿਆ ਰਹਿੰਦਾ ਹੈ। ਇਨ੍ਹਾਂ ਵਿੱਚ ਸਭ ਤੋਂ ਵੱਧ ਖਤਰਨਾਕ ਰਸਤਾ ਬਹਾਮਾਸ ਦਾ ਦੱਸਿਆ ਜਾਂਦਾ ਹੈ। ਇਸ ਸਮੁੰਦਰੀ ਰਸਤੇ ਰਾਹੀਂ ਅਮਰੀਕਾ ਜਾਣ ਵਾਲੇ ਬਹੁਤ ਸਾਰੇ ਪੰਜਾਬੀ ਮੁੰਡੇ ਸਮੁੰਦਰ ਦੀਆਂ ਲਹਿਰਾਂ ਵਿੱਚ ਹੀ ਡੁੱਬ ਜਾਂਦੇ ਹਨ। ਦੋ ਸਾਲ ਪਹਿਲਾਂ ਇਸੇ ਰਸਤੇ ਰਾਹੀਂ ਅਮਰੀਕਾ ਜਾ ਰਹੀ ਬੇੜੀ ਵਿੱਚੋਂ ਛੇ ਪੰਜਾਬੀ ਮੁੰਡੇ ਡੁੱਬ ਗਏ ਸਨ, ਇਨ੍ਹਾਂ ਦਾ ਅਜੇ ਤੱਕ ਕੋਈ ਥਹੁ-ਪਤਾ ਨਹੀਂ ਲੱਗਾ।
ਬਹਾਮਾਸ ਰਾਹੀਂ ਅਮਰੀਕਾ ਜਾਣ ਵਾਲੇ ਮੁੰਡਿਆਂ ਨੂੰ ਟਰੈਵਲ ਏਜੰਟ ਸਭ ਤੋਂ ਪਹਿਲਾਂ ਦਿੱਲੀ ਤੋਂ ਫਲਾਈਟ ਰਾਹੀਂ ਉੱਥੇ ਭੇਜਦੇ ਹਨ। 27 ਘੰਟਿਆਂ ਦੀ ਲੰਬੀ ਫਲਾਈਟ ਤੋਂ ਬਾਅਦ ਅਮਰੀਕਾ ’ਚ ਦਾਖਲ ਹੋਣ ਲਈ ਦੋ ਸਮੁੰਦਰੀ ਰਸਤਿਆਂ ਰਾਹੀਂ ਟਰੈਵਲ ਏਜੰਟ ਬੇੜੀਆਂ ਤੇ ਛੋਟੇ ਸਮੁੰਦਰੀ ਜਹਾਜ਼ਾਂ ਰਾਹੀਂ ਲੈ ਕੇ ਜਾਂਦੇ ਹਨ। ਇਨ੍ਹਾਂ ਦੋਵੇਂ ਸਮੁੰਦਰੀ ਰਸਤਿਆਂ ’ਚ ਇੱਕ ਰਾਹ ਮਿਆਮੀ ਤੇ ਦੂਜਾ ਨਾਸੋ ਦਾ ਹੈ।
ਦੂਜਾ ਰਸਤਾ ਅਰਜਨਟੀਨਾ ਤੇ ਐਕਵਾਡੋਰ ਰਾਹੀਂ ਜਾਂਦਾ ਹੈ। ਇਟਲੀ ਰਾਹੀਂ ਅਮਰੀਕਾ ਭੇਜਣ ਲਈ ਵੀ ਟਰੈਵਲ ਏਜੰਟ ਇਹ ਰਸਤਾ ਵਰਤ ਰਹੇ ਹਨ। ਹਾਲਾਂਕਿ ਇਹ ਰੂਟ ਕਾਫੀ ਮਹਿੰਗਾ ਦੱਸਿਆ ਜਾਂਦਾ ਹੈ। ਟਰੈਵਲ ਏਜੰਟ ਇਟਲੀ ਦਾ ਵੀਜ਼ਾ ਲੈ ਕੇ ਦਿੰਦੇ ਹਨ। ਅਮਰੀਕਾ ਜਾਣ ਦੇ ਚਾਹਵਾਨਾਂ ਨੂੰ ਇਟਲੀ ਦੇ ਮਿਲਾਨ ਸ਼ਹਿਰ ਦੇ ਨੇੜਲੇ ਕਿਸੇ ਛੋਟੇ ਕਸਬੇ ਵਿੱਚ ਰੱਖਿਆ ਜਾਂਦਾ ਹੈ।
ਉਥੋਂ ਸਿੱਧੀ ਫਲਾਈਟ ਮੈਕਸੀਕੋ ਦੀ ਕਰਾਈ ਜਾਂਦੀ ਹੈ। ਮੈਕਸੀਕੋ ਤੋਂ ਅਮਰੀਕਾ ਦੇ ਸਾਂਡਿਆਗੋ ਵਿੱਚ ਕੰਧ ਟਪਾ ਕੇ ਦਾਖਲਾ ਕਰਾਇਆ ਜਾਂਦਾ ਹੈ। ਇੱਥੇ ਏਜੰਟ ਪੰਜਾਬੀਆਂ ਦੇ ਪਾਸਪੋਰਟ ਆਪਣੇ ਕੋਲ ਲੈ ਲੈਂਦੇ ਹਨ ਤੇ ਉਨ੍ਹਾਂ ਦੀ ਜੇਬ ਵਿੱਚ ਪਰਚੀ ਪਾ ਦਿੰਦੇ ਹਨ ਕਿ ਜਿਸ ਦੇਸ਼ ਵਿੱਚੋਂ ਇਹ ਆਇਆ ਹੈ, ਉੱਥੇ ਇਸ ਦੀ ਜਾਨ ਨੂੰ ਖਤਰਾ ਹੈ। ਇਸੇ ਤਰ੍ਹਾਂ ਸਾਊਥ ਅਮਰੀਕਾ, ਹਾਂਗਕਾਂਗ ਤੇ ਗਰੀਸ ਨੂੰ ਵੀ ਟਰੈਵਲ ਏਜੰਟ ਪੰਜਾਬੀਆਂ ਨੂੰ ਅਮਰੀਕਾ ’ਚ ਦਾਖਲਾ ਦਿਵਾਉਣ ਲਈ ਰਾਹ ਵਜੋਂ ਵਰਤਦੇ ਆ ਰਹੇ ਹਨ। ਇਨ੍ਹਾਂ ਰਸਤਿਆਂ ਰਾਹੀਂ ਹਮੇਸ਼ਾਂ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ।
ਪੰਜਾਬੀਆਂ ਲਈ ਔਖਾ ਹੋਇਆ ਅਮਰੀਕਾ ਦਾ ਸੁਫਨਾ
ਏਬੀਪੀ ਸਾਂਝਾ
Updated at:
20 Oct 2019 03:45 PM (IST)
ਪੰਜਾਬੀਆਂ ਲਈ ਹੁਣ ਅਮਰੀਕਾ ਦਾ ਪੈਂਡਾ ਔਖਾ ਹੋ ਗਿਆ ਹੈ। ਰਾਸ਼ਟਰਪਤੀ ਡੌਨਾਲਡ ਟਰੰਪ ਦੀ ਸਖਤੀ ਤੋਂ ਬਾਅਦ ਗੈਰ ਕਾਨੂੰਨੀ ਤਰੀਕੇ ਨਾਲ ਵੀ ਅਮਰੀਕਾ ਜਾਣ ਦੇ ਰਾਹ ਬੰਦ ਹੁੰਦੇ ਜਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਅਮਰੀਕੀ ਦਬਾਅ ਹੇਠ ਮੈਕਸਿਕੋ ਤੋਂ 311 ਭਾਰਤੀਆਂ ਨੂੰ ਵਾਪਸ ਭੇਜਣਾ ਹੈ। ਦਰਅਸਲ ਗੈਰਕਾਨੂੰਨੀ ਪਰਵਾਸੀ ਮੈਕਸਿਕੋ ਸਰਹੱਦ ਨਾਲ ਕੰਧ ਟੱਪ ਕੇ ਅਮਰੀਕਾ ਵਿੱਚ ਦਾਖਲ ਹੁੰਦੇ ਹਨ ਪਰ ਟਰੰਪ ਨੇ ਮੈਕਸਿਕੋ ਸਰਹੱਦ ਨੂੰ ਸੀਲ ਕਰ ਦਿੱਤਾ ਹੈ।
- - - - - - - - - Advertisement - - - - - - - - -