ਚੰਡੀਗੜ੍ਹ: ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਸਾਖ ਇੱਕ ਵਾਰ ਮੁੜ ਦਾਅ 'ਤੇ ਲੱਗੀ ਹੈ। ਕਾਂਗਰਸ, ਅਕਾਲੀ ਦਲ, ਬੀਜੇਪੀ ਤੇ ਆਮ ਆਦਮੀ ਪਾਰਟੀ ਲਈ ਕੱਲ੍ਹ ਦਾ ਦਿਨ ਬੜਾ ਅਹਿਮ ਹੈ। ਸੋਮਵਾਰ ਨੂੰ ਚਾਰ ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਦਾਖਾ, ਫਗਵਾੜਾ ਤੇ ਮੁਕੇਰੀਆਂ ਦੀ ਜਨਤਾ ਆਪਣਾ ਫਤਵਾ ਦੇਵੇਗਾ ਜਿਸ ਦਾ ਐਲਾਨ 24 ਅਕਤੂਬਰ ਨੂੰ ਹੋਏਗਾ।


ਦਿਲਚਸਪ ਹੈ ਕਿ ਇਸ ਵਾਰ ਸੱਤਾਧਿਰ ਕਾਂਗਰਸ ਨਹੀਂ ਬਲਕਿ ਵਿਰੋਧੀ ਧਿਰਾਂ ਅਕਾਲੀ ਦਲ, ਬੀਜੇਪੀ ਤੇ ਆਮ ਆਦਮੀ ਪਾਰਟੀ ਦਾ ਵੱਕਾਰ ਦਾਅ 'ਤੇ ਲੱਗਾ। ਇਸ ਦਾ ਕਾਰਨ ਇਹ ਹੈ ਕਿ ਜ਼ਿੰਨੀ ਚੋਣਾਂ ਵਾਲੀਆਂ ਚਾਰ ਸੀਟਾਂ ਵਿੱਚੋਂ ਦੋ ਅਕਾਲੀ ਦਲ-ਬੀਜੇਪੀ ਕੋਲ ਤੇ ਇੱਕ ਆਮ ਆਦਮੀ ਪਾਰਟੀ ਕੋਲ ਸੀ। ਇਸ ਲਈ ਇਨ੍ਹਾਂ ਪਾਰਟੀਆਂ ਵੱਲੋਂ ਆਪਣੀਆਂ ਸੀਟਾਂ ਬਚਾਉਣਾ ਵੱਡੀ ਵੰਗਾਰ ਹੈ।

ਯਾਦ ਰਹੇ ਸੁਖਬੀਰ ਬਾਦਲ ਤੇ ਸੋਮ ਪ੍ਰਕਾਸ਼ ਦੇ ਸੰਸਦ ਮੈਂਬਰ ਚੁਣੇ ਜਾਣ ਕਰਕੇ ਜਲਾਲਾਬਾਦ ਤੇ ਫਗਵਾੜਾ ਹਲਕੇ ਦੀਆਂ ਚੋਣਾਂ ਹੋ ਰਹੀਆਂ ਹਨ ਜਦਕਿ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਐਚਐਸ ਫੂਲਕਾ ਨੇ ਅਸਤੀਫ਼ਾ ਦੇ ਦਿੱਤਾ ਸੀ ਤੇ ਮੁਕੇਰੀਆਂ ਤੋਂ ਕਾਂਗਰਸ ਦੇ ਵਿਧਾਇਕ ਰਜਨੀਸ਼ ਬੱਬੀ ਦੀ ਮੌਤ ਹੋ ਗਈ ਸੀ।

ਇਨ੍ਹਾਂ ਚਾਰਾਂ ਵਿੱਚੋਂ ਕਾਂਗਰਸ ਕੋਲ ਸਿਰਫ ਮੁਕੇਰੀਆਂ ਸੀਟ ਸੀ। ਉਂਝ ਵੀ ਪੰਜਾਬ ਵਿਧਾਨ ਸਭਾ ਵਿੱਚ ਦੋ-ਤਿਹਾਈ ਬਹੁਮਤ ਹਾਸਲ ਕਰ ਚੁੱਕੀ ਸੱਤਾਧਾਰੀ ਕਾਂਗਰਸ ਲਈ ਇਹ ਚੋਣਾਂ ਅੰਕੜਿਆਂ ਦੇ ਲਿਹਾਜ਼ ਤੋਂ ਕੋਈ ਖਾਸ ਮਹੱਤਤਾ ਨਹੀਂ ਰੱਖਦੀਆਂ ਪਰ ਇਸ ਨਾਲ ਕਾਂਗਰਸ ਦੇ ਕੰਮਾਂ ਦੀ ਪਰਖ ਜ਼ਰੂਰ ਹੋਏਗੀ। ਸਭ ਤੋਂ ਵੱਡੀ ਵੰਗਾਰ ਬੀਜੇਪੀ ਲਈ ਹੈ ਕਿਉਂਕਿ ਭਗਵੀਂ ਪਾਰਟੀ 2022 ਵਿੱਚ ਇਕੱਲੇ ਹੀ ਵਿਧਾਨ ਸਭਾ ਚੋਣਾਂ ਵਿੱਚ ਕੁੱਦਣ ਦੀ ਸੋਚ ਰਹੀ ਹੈ। ਬੀਜੇਪੀ ਦੋ ਸੀਟਾਂ ਫਗਵਾੜਾ ਤੇ ਮੁਕੇਰੀਆਂ ਤੋਂ ਚੋਣ ਲੜ ਰਹੀ ਹੈ। ਅਕਾਲੀ ਦਲ ਜਲਾਲਾਬਾਦ ਤੇ ਦਾਖਾ ਵਿਚ ਜ਼ੋਰ ਲਾ ਰਿਹਾ ਹੈ।